ਅੰਮ੍ਰਿਤਸਰ ’ਚ ਨਸ਼ੇ ਦਾ ਕਾਰੋਬਾਰ ਅਤੇ ਨਸ਼ਾ ਤਸਕਰਾਂ ਦਾ ਗਿਰੋਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅੱਜ ਵੀ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਨਸ਼ੇੜੀ ਸ਼ਰੇਆਮ ਤਲਵਾਰਾਂ ਅਤੇ ਬੋਤਲਾਂ ਚਲਾਈਆਂ। ਕਟੜਾ ਦੂਲੋ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਦੱਸਿਆ ਕਿ ਕਾਲੂ ਨਾਂ ਦਾ ਨੌਜਵਾਨ ਉਨ੍ਹਾਂ ਦੇ ਇਲਾਕੇ ’ਚ ਇਕ ਘਰ ਕੋਲ ਇਕੱਲਾ ਰਹਿੰਦਾ ਹੈ। ਅਣਪਛਾਤੇ ਨੌਜਵਾਨ ਉਸ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਉੱਥੇ ਬੈਠ ਕੇ ਨਸ਼ੇ ਕਰਦੇ ਹਨ। ਇਸ ਤੋਂ ਪਹਿਲਾਂ ਵੀ ਇਲਾਕਾ ਵਾਸੀਆਂ ਨੇ ਇਤਰਾਜ਼ ਕੀਤਾ ਸੀ ਪਰ ਨੌਜਵਾਨ ਝਗੜੇ ਕਰਨ ਲੱਗ ਜਾਂਦੇ। ਅੱਜ ਸਵੇਰੇ ਵੀ ਜਦੋਂ ਇਲਾਕੇ ਦੀ ਰਹਿਣ ਵਾਲੀ ਇੱਕ ਛੋਟੀ ਲੜਕੀ ਬਾਜ਼ਾਰ ਵਿੱਚੋਂ ਸਾਮਾਨ ਲੈਣ ਗਈ ਤਾਂ ਅਚਾਨਕ 10 ਤੋਂ 15 ਨੌਜਵਾਨ ਆਏ ਅਤੇ ਕਾਲੂ ਦੇ ਘਰ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਮਾਨ ਲੈਣ ਗਈ ਛੋਟੀ ਬੱਚੀ ਨੂੰ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਅੰੰਦਰ ਲਿਜਾ ਕੇ ਉਸ ਨੂੰ ਬਚਾਇਆ ਜੋ ਸਾਮਾਨ ਖਰੀਦਣ ਆਈ ਸੀ। ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇੱਥੇ ਖੇਡਦੇ ਹਨ ਅਤੇ ਨੌਜਵਾਨ ਇੱਥੇ ਨਸ਼ੇ ਦਾ ਸੇਵਨ ਕਰਦੇ ਹਨ। ਪਹਿਲਾਂ ਉਹ ਸ਼ਿਕਾਇਤ ਕਰਦੇ ਸੀ ਪਰ ਹੁਣ ਉਹ ਚੁੱਪ ਹਨ ਕਿਉਂਕਿ ਉਹ ਲੜਾਈ ਨਹੀਂ ਕਰਨਾ ਚਾਹੁੰਦੇ। ਇਸ ਮਾਮਲੇ ਵਿਚ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਲਾਕੇ ਵਿੱਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ। ਪੁਲਿਸ ਅਨੁਸਾਰ ਇਲਾਕਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।