ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਪੰਜਾਬ ਸਰਕਾਰ ਨੇ ਦਿਤੀ ਹਰੀ ਝੰਡੀ

ਵੱਧ ਰਹੇ ਸਾਈਬਰ ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ੍ਹ ਪਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ 28 ਪੁਲਿਸ ਜ਼ਿਲ੍ਹਿਆਂ ਸਮੇਤ ਤਿੰਨ ਕਮਿਸ਼ਨਰੇਟਾਂ ਵਿੱਚ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਲਦ ਸਥਾਪਤ ਕੀਤੇ ਜਾਣਗੇ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਜਾਣਤਾਕੀ ਦਿਤੀ। ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਦੀ ਚੁਣੌਤੀ ਨੂੰ ਪ੍ਰਭਾਵੀ ਤੇ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਨੂੰ ਪਛਾਣਦੇ ਹੋਏ, ਪੰਜਾਬ ਪੁਲਿਸ ਨੇ ਆਪਣੀ ਸਾਈਬਰ ਕ੍ਰਾਈਮ ਜਾਂਚ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਨੂੰ ਹੋਰ ਬਿਹਤਰ ਤੇ ਮਜ਼ਬੂਤ ਕਰਨ ਲਈ ਪ੍ਰਸਤਾਵ ਭੇਜਿਆ ਸੀ। ਡੀਜੀਪੀ ਗੌਰਵ ਯਾਦਵ ਨੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਕਰਨ ਸਬੰਧੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਆਈਡੈਂਟਟੀ ਥੈਫਟ, ਹੈਕਿੰਗ ਅਤੇ ਆਨਲਾਈਨ ਸਕੈਮਾਂ ਦੀ ਜਾਂਚ ਕਰਨ ਅਤੇ ਨਜਿੱਠਣ ਲਈ ਸਮਰਪਿਤ ਹੱਬ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਸਟੇਸ਼ਨ ਅਤਿ-ਆਧੁਨਿਕ ਟੈਕਨਾਲੋਜੀ ਨਾਲ ਲੈਸ ਹੋਣਗੇ ਅਤੇ ਸਟਾਫ਼ ਵਿੱਚ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਕ੍ਰਾਈਮ ਜਾਂਚ ਵਿੱਚ ਮਾਹਿਰ ਉੱਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਪੁਲਿਸ ਸਟੇਸ਼ਨ ਸਬੰਧਤ ਜ਼ਿਲ੍ਹੇ ਦੇ ਐਸਐਸਪੀ/ਸੀਪੀ ਦੀ ਨਿਗਰਾਨੀ ਵਿੱਚ ਕੰਮ ਕਰਨਗੇ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸਾਈਬਰ ਕ੍ਰਾਈਮ ਦੁਆਰਾ ਸਮੁੱਚੀ ਨਜ਼ਰ-ਸਾਨੀ ਵਿੱਚ ਕੰਮ ਕਰਨਗੇ। ਫਿਲਹਾਲ, ਰਾਜ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਕਾਰਜਸ਼ੀਲ ਹੈ, ਜਿਸ ਨੂੰ 2009 ਵਿੱਚ ਨੋਟੀਫਾਈ ਕੀਤਾ ਗਿਆ ਸੀ।

Leave a Reply

Your email address will not be published. Required fields are marked *