ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਜਾਇਬ ਘਰ ਕੀਤਾ ਲੋਕ ਅਰਪਣ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਜਾਇਬ ਘਰ ਦਾ ਲੋਕ ਅਰਪਣ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿਚ ਆਪਣਾ ਆਪਾ ਵਾਰ ਕੇ ਦੇਸ਼ ਨੂੰ ਆਜਾਦੀ ਦਿਵਾਈ ਉਹ ਅੱਜ ਵੀ ਨੌਜਵਾਨਾ ਦੇ ਰੋਲ ਮਾਡਲ ਹਨ ਅਤੇ ਹਮੇਸ਼ਾ ਲੋਕਾਂ ਦੇ ਰੋਲ ਮਾਡਲ ਰਹਿਣਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਦੋ ਸਾਲ ਦੇ ਕਾਰਜਕਾਲ ‘ਚ ਸਾਬਤ ਕਰ ਦਿੱਤਾ ਕਿ ਗੁਰੂਆਂ ਅਤੇ ਸ਼ਹੀਦਾਂ ਦੇ ਆਸ਼ੀਰਵਾਦ, ਪਾਜੇਟਿਵ ਸੋਚ, ਨੇਕ ਨੀਅਤੀ ਅਤੇ ਚੰਗੀਆਂ ਨੀਤੀਆਂ ਨਾਲ ਹਰੇਕ ਕੰਮ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਨਹੀਂ ਆਏ ਹਨ। ਉਹ ਬਚਪਨ ਤੋਂ ਹੀ ਸ਼ਹੀਦ ਭਗਤ ਸਿੰਘ ਦੀਆਂ ਕਹਾਣੀਆਂ, ਨਾਟਕਾਂ, ਕੋਰੀਓਗ੍ਰਾਫੀਆਂ ਨੂੰ ਦੇਖਦੇ ਸੁਣਦੇ ਸਨ ਅਤੇ ਉਨ੍ਹਾਂ ਦੇ ਫੈਨ ਸਨ। ਜਦੋਂ ਪੜ੍ਹਾਈ ਲਿਖਾਈ ਤੋਂ ਬਾਅਦ ਉਨ੍ਹਾਂ ਕਲਾਕਾਰੀ ‘ਚ ਆਪਣਾ ਕਦਮ ਰੱਖਿਆ ਤਾਂ ਜਦੋਂ ਵੀ ਉਹ ਕਦੇ ਸ਼ੋਅ ਰੂਮ ਚੋਂ ਨਵੀਂ ਗੱਡੀ ਲੈਂਦੇ ਤਾਂ ਸ਼ਹੀਦ ਭਗਤ ਸਿੰਘ ਨੂੰ ਸਿਜਦਾ ਕਰਨ ਪਿੰਡ ਖਟਕੜ ਕਲਾਂ ਆਉਂਦੇ ਸੀ ਅਤੇ ਇਥੇ ਆ ਕੇ ਮੱਥਾ ਟੇਕ ਕੇ ਕਹਿੰਦੇ ਸਨ ਕਿ ਤੁਹਾਡੇ ਕਰਕੇ ਅੱਜ ਅਸੀਂ ਆਜ਼ਾਦੀ ਦੇ ਨਾਲ ਨਾਲ ਕਾਰਾਂ, ਗੱਡੀਆਂ ਬੰਗਲਿਆਂ ਵਾਲੇ ਹੋਏ ਹਾਂ। ਜੇਕਰ ਸ਼ਹੀਦ ਭਗਤ ਸਿੰਘ ਦੇਸ਼ ਦੇ ਨਾਂਅ ਸ਼ਹਾਦਤ ਨਾ ਦਿੰਦੇ ਤਾਂ ਅਸੀਂ ਗੁਲਾਮੀ ਦੀ ਜੰਜੀਰਾਂ ‘ਚ ਜੱਕੜੇ ਰਹਿਣਾ ਸੀ। ਉਨ੍ਹਾਂ ਕਿਹਾ ਕਿ ਸਾਲ 2014 ‘ਚ ਮੈਂਬਰ ਪਾਰਲੀਮੈਂਟ ਬਣਨ ਤੇ ਉਨ੍ਹਾਂ 17 ਮਈ ਨੂੰ ਜਿੱਤ ਦਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਪੈਰਾਂ ਤੇ ਰੱਖ ਦਿੱਤਾ ਅਤੇ ਕਿਹਾ ਕਿ ਇਹੇ ਜਿਹੇ ਐਮਪੀ ਸ਼ਿਪ ਸ਼ਹੀਦਾਂ ਦੀ ਕੁਰਬਾਨੀ ਤੋਂ ਥੱਲੇ ਹਨ। ਮੈਂ ਆਸ਼ੀਰਵਾਦ ਲੈਣ ਆਇਆ ਮੈਂ ਉਸ ਪਾਰਲੀਮੈਂਟ ‘ਚ ਜਾ ਰਿਹਾ ਹਾਂ ਜਿਥੇ ਤੁਸੀਂ ਬੰਬ ਸੁੱਟ ਕੇ ਜਨਤਾ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਇਆ। ਉਨ੍ਹ੍ਰਾਂ ਕਿਹਾ ਕਿ ਉਸ ਦਿਨ ਉਨ੍ਹਾਂ ਬਸੰਤੀ ਰੰਗ ਦੀ ਪੱਗ ਬੰਨ੍ਰੀ ਸੀ। ਪਾਰਲੀਮੈਂਟ ‘ਚ ਸਹੁੰ ਚੁੱਕਣ ਵੇਲੇ ਇੰਨਕਲਾਬ ਜਿੰਦਾਬਾਦ ਦਾ ਨਾਅਰਾ ਵੀ ਲਗਾਇਆ ਸੀ। ਉਨ੍ਹਾਂ ਕਿਹਾ ਕਿ ਇਹ ਪੱਗ ਮੈਂਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਗਤ ਸਿੰਘ ਨੂੰ ਡਰ ਜਾਂ ਸ਼ਕ ਨਹੀਂ ਸੀ ਕਿ ਆਜ਼ਾਦੀ ਆਉਗੀ ਜਾਂ ਨਹੀਂ ਪਰ ਆਜ਼ਾਦੀ ਤੋਂ ਬਾਅਦ ਦੇਸ਼ ਕਿਹਡੇ ਹੱਥਾਂ ਵਿਚ ਜਾਓਗਾ। ਕਿਉਂ ਕਿ ਆਜਾਦੀ ਤੋਂ ਬਾਅਦ ਜਿਹੜੇ ਲੋਕ ਆਏ 75-77 ਸਾਲ ਹੋ ਗਏ ਟੋਬੇ, ਸੀਵਰੇਜ ਅਤੇ ਸ਼ਮਸ਼ਾਨ ਘਾਟ ਦੀਆਂ ਦੀਵਾਰਾਂ ਉੱਚੀਆਂ ਕਰਨ ਵਿਚ ਹੀ ਸਾਰਾ ਸਮਾਂ ਨਿਕਲ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਦੋ ਸਾਲ ਪਹਿਲਾ ਪੰਜਾਬ ਦੀ ਸੱਤਾ ਸੰਭਾਲੀ ਹੈ। ਪਰ ਇਸ ਤੋਂ ਪਹਿਲਾ ਆਮ ਤੌਰ ਤੇ ਸਰਕਾਰੀ ਦਫਤਰਾਂ ਵਿਚ ਮੁੱਖ ਮੰਤਰੀ ਦੀ ਫੋਟੋ ਲਗਦੀ ਸੀ। ਪਰ ਆਪ ਸਰਕਾਰ ‘ਚ ਸਰਕਾਰੀ ਦਫ਼ਤਰਾਂ ‘ਚ ਸ਼ਹੀਦ ਭਗਤ ਸਿੰਘ ਅਤੇ ਡਾ. ਬੀਆਰ ਅੰਬੇਡਕਰ ਦੀ ਫੋਟੋ ਲਗਾਈ ਗਈ। ਕਿਉਂ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਜਦਕਿ ਡਾ. ਬੀਆਰ ਅੰਬੇਡਕਰ ਨੇ ਸਾਡਾ ਸੰਵਿਧਾਨ ਬਣਾ ਕੇ ਸਾਨੂੰ ਬਰਾਬਰਤਾ ਦੇਣ ਦਾ ਸੰਵਿਧਾਨ ਲਿਖਿਆ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ‘ਚ ਫੇਰ ਬਦਲ ਕੀਤਾ ਜਾ ਰਿਹਾ ਹੈ। ਜੋ ਕਿ ਇਸ ਦੇ ਖਿਲਾਫ ਬੋਲਦਾ ਹੈ ਤਾਂ ਉਹ ਨੂੰ ਈਡੀ, ਇਨਕਮ ਟੈਕਸ ਰਾਹੀਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪ੍ਰੀਮ ਕੋਰਟ ਦੇ ਫੈਸਲੇ ਨੂੰ ਦੋਬਾਰਾ ਆਰਡੀਨੈਂਸ ਲਿਆ ਕੇ ਬਦਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਨਮਰਜੀ ਨਾਲ ਸਟੇਟਾਂ ਦੇ ਹੱਕ ਖੋਹ ਕੇ ਕਿਸੇ ਖਾਸ ਸਟੇਟ ਨੰ ਅਧਿਕਾਰਾਂ ਨੂੰ ਦੇ ਰਿਹਾ ਹੈ ਜਦਕਿ ਪੰਜਾਬ ਨੂੰ ਉਸ ਦੇ ਹੱਕਾਂ ਤੋਂ ਵਾਂਝੇ ਰਖ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਉਹ ਲੋਕਾਂ ਨੂੰ ਅਪੀਲ ਕਰਨ ਆਏ ਹਨ ਕਿ ਸਾਨੂੰ ਦੋਬਾਰਾ ਮੌਕਾ ਮਿਲਿਆ ਹੈ ਕਿ ਆਪਾਂ ਜਿੰਮੇਵਾਰੀਆਂ ਦਾ ਅਹਿਸਾਸ ਕਰੀਏ, ਚੇਤੇ ਰਖੀਏ. ਜਿੰਮੇਵਾਰੀ ਨੂੰ ਸਮਝਦੇ ਹੋਏ ਪੰਜਾਬ ਨਾਲ ਧੋਖਾ ਕਰਨ ਵਾਲਿਆਂ ਨੂੰ ਸਬਕ ਸਿਖਾਈਏ।ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ 2 ਸਾਲ ਮੋਟਾ ਮੋਟਾ ਹਿਸਾਬ ਦੇਈਏ ਤਾਂ ਆਪ ਸਰਾਕਰ ਨੇ 42992 ਸਰਕਾਰੀ ਨੌਕਰੀ, 65000 ਤੋਂ ਉਪਰ ਨਿਵੇਸ਼, ਇੰਡਸਟਰੀ ਟਾਟਾ ਸ਼ਟੀਲ ਵਰਗੀਆਂ, ਦੂਜਾ ਸਭ ਤੋਂ ਵੱਡਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ‘ਚ ਲੱਗਾਇਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ ਪਹਿਲਾ ਕਾਲਜ ਹੁਸ਼ਿਆਰਪੁਰ ਅਤੇ ਦੂਜਾ ਕਪੂਰਥਲਾ ‘ਚ ਸ਼ੁਰੂ ਕੀਤਾ ਗਿਆ ਹੈ। ਪਰ ਪੰਜਾਬ ਬਚਾਓ ਵਾਲਿਆਂ ਵੱਲੋਂ ਇਸ ਕੰਮ ਵਿਚ ਅੜਿਕਾ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਹੋਵੇਗਾ ਉਥੇ ਦੇ ਲੋਕ ਗਰੀਬ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੀਆਂ ਆਪਣੀਆਂ ਬੱਸਾਂ ਚਲਦੀਆਂ ਹੋਣ ਤਾਂ ਉਹ ਸਰਕਾਰੀ ਬੱਸਾਂ ‘ਚ ਸੁਧਾਰ ਕਿਉਂ ਕਰੇਗਾ। ਇਸੇ ਤਰ੍ਹਾਂ ਜਿਸ ਦੇ ਪ੍ਰਾਈਵੇਟ ਸਕੂਲ ‘ਚ ਹਿੱਸਾ ਹੋਵੇਗਾ ਤਾਂ ਉਹ ਕਿਉਂ ਚਾਹੁਗਾ ਕਿ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਣ। ਉਨ੍ਹਾਂ ਕਿਹਾ ਕਿ ਜੇਕਰ ਉਸ ਦਾ ਨਿੱਜੀ ਹਸਪਤਾਲਾਂ ‘ਚ ਹਿੱਸਾ ਹੋਵੇਗਾ ਤਾਂ ਉਹ ਕਿਉਂ ਚਾਹੁਗਾ ਕਿ ਲੋਕ ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ।ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦਾ ਆਈਡੀਆ ਉਨ੍ਹਾਂ ਨੂੰ ਯੁਕ੍ਰੇਨ ਜੰਗ ‘ਚ ਮੈਡੀਕਲ ਦੀ ਪੜ੍ਹਾਈ ਵਿਚਾਲੇ ਛੱਡ ਕੇ ਆਏ 400 ਮੁੰਡੇ ਕੁੜੀਆਂ ਨੂੰ ਦੇਖ ਕੇ ਆਇਆ। ਉਨ੍ਹਾਂ ਕਿਹਾ ਕਿ ਜਦੋਂ ਉਹ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਮਿਲੇ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਬੱਚੇ 98 ਫੀਸਦੀ ਤੋਂ ਵੱਧ ਨੰਬਰਾਂ ਲੈ ਕੇ ਆਏ ਹਨ ਪਰ ਦੇਸ਼ ਵਿਚ ਕੋਟਾ ਸਿਸਟਮ ਰਾਹੀਂ ਕਰਵਾਈ ਜਾਂਦੀ ਮੈਡੀਕਲ ਦੀ ਪੜ੍ਹਾਈ ਅਤੇ ਮਹਿੰਗੇ ਖਰਚੇ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਆਪਣੇ ਬੱੱਚਿਆਂ ਨੂੰ ਵਿਦੇਸ਼ ਮੈਡੀਕਲ ਦੀ ਪੜ੍ਹਾਈ ਕਰਨ ਭੇਜਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਮੈਡੀਕਲ ਦੀ ਪੜ੍ਹਾਈ ਤੇ ਕੋਟਾ ਸਿਸਟਮ ਰਾਹੀਂ 3 ਕਰੋੜ ਤੋਂ ਵੱਧ ਖਰਚਾ ਹੁੰਦਾ ਹੈ। ਜਦਕਿ ਵਿਦੇਸ਼ ਵਿਚ ਇਹ ਪੜ੍ਹਾਈ 30 ਲੱਖ ‘ਚ ਹੋ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਾਪਿਆਂ ਦਾ ਦੁੱਖ ਦੇਖ ਕੇ ਸ਼ਹੀਦ ਭਗਤ ਸਿੰਘ ਕੀ ਸੋਚਦੇ ਹੋਣਗੇ। ਜਿਸ ਕਾਰਨ ਉਨ੍ਹਾਂ ਪੰਜਾਬ ਵਿਚ ਮੈਡੀਕਲ ਕਾਲਜ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਦੀ ਮੰਗ ਦੇ ਅਨੁਸਾਰ ਛੇਤੀ ਹੀ ਇਥੇ ਵੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ। ਤਾਂ ਜੋਂ ਇਥੋਂ ਦੇ ਨੌਜਵਾਨ ਵੀ ਮੈਡੀਕਲ ਦੀ ਪੜ੍ਹਾਈ ਕਰਕੇ ਹਲਕੇ ਦੇ ਲੋਕਾਂ ਅਤੇ ਦੇਸ਼ ਦੀ ਸੇਵਾ ਕਰ ਸਕਣਗੇ ਅਤੇ ਗਰੀਬੀ ਹਟਾਉਣ ਦੇ ਯੋਗ ਬਣ ਸਕਣਗੇ। ਇਸ ਮੌਕੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਮੁੱਖ ਮੰਤਰੀ ਪੰਜਾਬ ਨੂੰ ਸਿਵਲ ਹਸਪਤਾਲ ਬੰਗਾ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ।

Leave a Reply

Your email address will not be published. Required fields are marked *