ਅੰਮ੍ਰਿਤਸਰ ਦੇ ਕੱਥੂ ਨੰਗਲ ਥਾਣਾ ਅਧੀਨ ਪੈਂਦੇ ਪਿੰਡ ਰਾਮ ਦੀਵਾਲੀ ਦੇ ਰਹਿਣ ਵਾਲੇ ਸੇਵਾਮੁਕਤ ਫੌਜੀ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਦਿੱਤੀ ਹੈ। ਜਿਸ ਦੌਰਾਨ ਉਸ ਨੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਲ਼ਦ ਤੋਂ ਜਲ਼ਦ ਦੋਸ਼ੀਆਂ ਨੂੰ ਫੜਿਆ ਜਾਵੇ ਨਹੀਂ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ। ਮ੍ਰਿਤਕ ਕਵਲਜੀਤ ਸਿੰਘ ਦੇ ਭਰਾ ਰਾਜਬੀਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਸ ਦਾ ਭਰਾ ਰਾਤ ਨੂੰ ਦੁੱਧ ਲੈ ਕੇ ਘਰ ਵਾਪਸ ਆ ਰਿਹਾ ਸੀ, ਜਿੱਥੇ ਘਰ ਤੋਂ ਥੋੜ੍ਹੀ ਦੂਰੀ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਦੋਸ਼ੀ ਮੋਟਰਸਾਈਕਲ ’ਤੇ ਆਇਆ ਅਤੇ ਉਸ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਭਰਾ ਨੇ ਉਸ ਨੂੰ ਫੋਨ ਕਰਕੇ ਘਰੋਂ ਕਾਰ ਲੈ ਕੇ ਆਉਣ ਲਈ ਕਿਹਾ। ਉਹ ਕਾਰ ਲੈ ਕੇ ਹਸਪਤਾਲ ਲੈ ਗਿਆ ਜਿੱਥੇ 8 ਦਿਨਾਂ ਦੇ ਇਲਾਜ ਤੋਂ ਬਾਅਦ ਅੱਜ ਉਸ ਦੀ ਮੌਤ ਹੋ ਗਈ।ਰਾਜਬੀਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਭੱਜਣ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਸੀ ਪਰ ਅਜੇ ਤੱਕ ਪੁਲਿਸ ਮੁਲਜ਼ਮਾਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੀ ਅਤੇ ਗੋਲ਼ੀ ਚਲਾਉਣ ਦਾ ਕੋਈ ਕਾਰਨ ਸਮਝ ਨਹੀਂ ਸਕਿਆ ਹੈ। ਰਾਜਬੀਰ ਅਨੁਸਾਰ ਉਸ ਦਾ ਭਰਾ ਫੌਜ ਤੋਂ ਸੇਵਾਮੁਕਤ ਹੈ ਅਤੇ ਘਰ ਰਹਿੰਦਾ ਸੀ। ਉਸਦੀ ਅਤੇ ਉਸਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪੁਲਿਸ ਪਿਛਲੇ ਅੱਠ ਦਿਨਾਂ ਤੋਂ ਮੁਲਜ਼ਮਾਂ ਨੂੰ ਨਹੀਂ ਲੱਭ ਸਕੀ ਅਤੇ ਜਲਦੀ ਇਨਸਾਫ਼ ਨਾ ਮਿਲਣ ’ਤੇ ਉਹ ਧਰਨਾ ਦੇਣਗੇ। ਥਾਣਾ ਕੱਥੂਨੰਗਲ ਦੇ SHO ਸੁਰਿੰਦਰਪਾਲ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਪਰਿਵਾਰਕ ਮੈਂਬਰ ਹਸਪਤਾਲ ਵਿਚ ਰੁੱਝੇ ਹੋਏ ਸਨ ਇਸ ਲਈ ਉਹ ਆਪਣੇ ਪੱਧਰ ’ਤੇ ਜਾਂਚ ਕਰ ਰਹੇ ਹਨ। ਮੁਲਜ਼ਮਾਂ ਦੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ ਹੈ ਪਰ ਉਨ੍ਹਾਂ ਦੀ ਪਛਾਣ ਨਜ਼ਰ ਨਹੀਂ ਆ ਰਹੀ ਹੈ। ਉਹ ਜਲਦੀ ਹੀ ਮੁਲਜ਼ਮਾਂ ਬਾਰੇ ਪਤਾ ਲਗਾ ਲੈਣਗੇ ਅਤੇ ਗੋਲ਼ੀ ਚਲਾਉਣ ਦਾ ਕਾਰਨ ਵੀ ਸਾਹਮਣੇ ਆ ਜਾਵੇਗਾ।