ਲੁਧਿਆਣਾ ਦੇ ਤਲਵੰਡੀ ਰਾਏ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਦਾਦੀ ਦੀਆਂ ਅਸਥੀਆਂ ਤਾਰਨ ਗਏ ਪੋਤੇ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ (19 ਸਾਲ) ਪੁੱਤਰ ਇੰਦਰਜੀਤ ਸਿੰਘ ਵਾਸੀ ਤਲਵੰਡੀ ਰਾਏ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਭਰਾ ਪ੍ਰਦੀਪ ਸਿੰਘ (ਭੂਆ ਦਾ ਪੁੱਤ) ਨਾਲ ਆਪਣੀ ਦਾਦੀ ਦੀ ਮ੍ਰਿਤਕ ਦੇਹ ਦੀ ਰਾਖ ਨੂੰ ਸੁਧਾਰ ਵਾਲੀ ਨਹਿਰ ‘ਚ ਜਲ ਪ੍ਰਵਾਹ ਕਰਨ ਲਈ ਗਏ ਸਨ। ਸੁਧਾਰ ਨਹਿਰ ਦੇ ਕਿਨਾਰੇ ਜਦੋਂ ਮ੍ਰਿਤਕ ਦੇ ਭਰਾ ਪ੍ਰਦੀਪ ਸਿੰਘ ਵਲੋਂ ਰਾਖ ਨੂੰ ਜਲ ਪ੍ਰਵਾਹ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਉਸ ਦਾ ਪੈਰ ਤਿਲਕਣ ਕਾਰਨ ਉਹ ਨਹਿਰ ਵਿਚ ਰੁੜ੍ਹ ਗਿਆ। ਆਪਣੇ ਭਰਾ ਪ੍ਰਦੀਪ ਸਿੰਘ ਨੂੰ ਡੁੱਬਦਿਆਂ ਦੇਖ ਜਸ਼ਨਪ੍ਰੀਤ ਸਿੰਘ ਦੇ ਰੌਲਾ ਪਾਉਣ ਉਤੇ ਮੌਕੇ ਉਤੇ ਮੌਜੂਦ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵਲੋਂ ਪ੍ਰਦੀਪ ਨੂੰ ਬਚਾਉਣ ਲਈ ਬਾਲਟੀ ਨਾਲ ਬੰਨ੍ਹੇ ਰੱਸੇ ਨੂੰ ਨਹਿਰ ‘ਚ ਸੁੱਟਿਆ ਗਿਆ ਪਰ ਇੰਨੇ ਵਿਚ ਕੋਲ ਖੜ੍ਹੇ ਜਸ਼ਨਪ੍ਰੀਤ ਨੇ ਆਪਣੇ ਭਰਾ ਪ੍ਰਦੀਪ ਸਿੰਘ ਨੂੰ ਪਾਣੀ ਵਿਚ ਡੁੱਬਦਿਆਂ ਦੇਖ ਨਹਿਰ ਵਿਚ ਛਾਲ ਮਾਰ ਦਿੱਤੀ, ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵਲੋਂ ਲੰਬੀ ਜੱਦੋ-ਜਹਿਦ ਤੋਂ ਬਾਅਦ ਪ੍ਰਦੀਪ ਸਿੰਘ ਨੂੰ ਡੁੱਬਣ ਤੋਂ ਬਚਾਉਂਦਿਆਂ ਹੋਇਆਂ ਨਹਿਰ ‘ਚੋਂ ਬਾਹਰ ਕੱਢਿਆ ਗਿਆ ਪਰ ਮਾੜੀ ਕਿਸਮਤ ਨਾਲ ਜਸ਼ਨਪ੍ਰੀਤ ਸਿੰਘ ਨਹਿਰੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਅਤੇ ਕਾਫੀ ਮੁਸ਼ੱਕਤ ਨਾਲ 2 ਘੰਟਿਆਂ ਬਾਅਦ ਮ੍ਰਿਤਕ ਹਾਲਤ ਵਿਚ ਬਾਹਰ ਕੱਢਿਆ ਗਿਆ।