ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਸਿਆਸੀ ਲੜਾਈ ਦਰਮਿਆਨ ਕਾਂਗਰਸ ਨੇ ਵੀਰਵਾਰ ਨੂੰ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦਾ ਮੁੱਦਾ ਉਠਾਇਆ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਡਾ ਖਾਤਾ ਫ੍ਰੀਜ਼ ਕਰ ਦਿਤਾ ਗਿਆ ਹੈ। ਖਾਤਾ ਫਰੀਜ਼ ਕਰਨਾ ਹਾਕਮ ਧਿਰ ਦੀ ਖ਼ਤਰਨਾਕ ਖੇਡ ਹੈ। ਭਾਜਪਾ ਨੇ ਖੁਦ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਸਾਡੇ ਬੈਂਕ ਖਾਤੇ ਬੰਦ ਕਰ ਦਿੱਤੇ। ਕਾਂਗਰਸ ਪ੍ਰਧਾਨ ਨੇ ਕਿਹਾ, ‘ਭਾਰਤ ਪੂਰੀ ਦੁਨੀਆ ਵਿਚ ਲੋਕਤੰਤਰ, ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਬਾਂਡ ਦਾ ਸੱਚ ਸਾਹਮਣੇ ਆਇਆ ਹੈ। ਕਿਸੇ ਵੀ ਲੋਕਤੰਤਰ ਲਈ ਨਿਰਪੱਖ ਚੋਣਾਂ ਜ਼ਰੂਰੀ ਹਨ। ਸਾਰਿਆਂ ਲਈ ਬਰਾਬਰੀ ਦਾ ਮੈਦਾਨ ਹੋਣਾ ਚਾਹੀਦਾ ਹੈ, ਬਰਾਬਰ ਮੌਕੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਅਕਸ ‘ਤੇ ਸਵਾਲ ਉਠਾਏ ਗਏ ਹਨ। ਸਾਡੇ ਖਾਤੇ ਜ਼ਬਤ ਕਰ ਲਏ ਗਏ ਹਨ ਜਿਸ ਕਰਕੇ ਅਸੀਂ ਬਰਾਬਰੀ ‘ਤੇ ਚੋਣ ਲੜਨ ਦੇ ਯੋਗ ਨਹੀਂ ਹਾਂ। ਇੱਕ ਸਿਆਸੀ ਪਾਰਟੀ ਵੱਲੋਂ ਚੋਣਾਂ ਲੜਨ ਲਈ ਰੁਕਾਵਟਾਂ ਖੜ੍ਹੀਆਂ ਕਰਕੇ ਖ਼ਤਰਨਾਕ ਖੇਡ ਖੇਡੀ ਗਈ ਹੈ। ਹਰ ਪਾਸੇ ਸਿਰਫ਼ ਉਨ੍ਹਾਂ ਦੇ ਇਸ਼ਤਿਹਾਰ ਹੀ ਹਨ, ਉਸ ਵਿੱਚ ਵੀ ਏਕਾਧਿਕਾਰ ਹੈ। ਇਹ ਵਿਚਾਰ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਸੀਂ ਜੋ ਮੁੱਦਾ ਉਠਾਇਆ ਹੈ, ਉਹ ਬਹੁਤ ਅਹਿਮ ਹੈ। ਇਹ ਮੁੱਦਾ ਕਾਂਗਰਸ ਲਈ ਹੀ ਨਹੀਂ, ਲੋਕਤੰਤਰ ਲਈ ਵੀ ਖ਼ਤਰਨਾਕ ਹੈ। ਜਨਤਾ ਦਾ ਦਿੱਤਾ ਪੈਸਾ ਸਾਡੇ ਕੋਲੋਂ ਲੁੱਟਿਆ ਜਾ ਰਿਹਾ ਹੈ। ਇਹ ਗੈਰ-ਜਮਹੂਰੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਅਜੇ ਮਾਕਨ ਨੇ ਕਿਹਾ, ਅਸੀਂ ਖੁਦ ਪ੍ਰਚਾਰ ਕਰਨ ਦੇ ਯੋਗ ਵੀ ਨਹੀਂ ਹਾਂ। 115 ਕਰੋੜ ਰੁਪਏ ਦਾ ਇਨਕਮ ਟੈਕਸ ਸਰਕਾਰ ਨੂੰ ਟਰਾਂਸਫਰ ਕੀਤਾ ਗਿਆ। ਕਿੱਥੇ ਹੈ ਇਹ ਲੋਕਤੰਤਰ? ਜੇਕਰ ਜਨਤਾ ਸਾਡਾ ਸਮਰਥਨ ਨਹੀਂ ਕਰਦੀ, ਤਾਂ ਨਾ ਤਾਂ ਅਸੀਂ ਅਤੇ ਨਾ ਹੀ ਤੁਹਾਡੇ ਕੋਲ ਲੋਕਤੰਤਰ ਹੋਵੇਗਾ। ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਭਾਜਪਾ ਨੇ ਸਾਡੇ ਖਾਤੇ ਫ੍ਰੀਜ਼ ਕਰਕੇ ਕਾਂਗਰਸ ਪਾਰਟੀ ਨੂੰ ਦਿੱਤੇ ਚੰਦੇ ਨੂੰ ਲੁੱਟ ਲਿਆ ਹੈ ਅਤੇ 115.32 ਕਰੋੜ ਰੁਪਏ ਜ਼ਬਰਦਸਤੀ ਕਢਵਾ ਲਏ ਹਨ। ਭਾਜਪਾ ਸਮੇਤ ਕੋਈ ਸਿਆਸੀ ਪਾਰਟੀ ਇਨਕਮ ਟੈਕਸ ਨਹੀਂ ਭਰਦੀ, ਫਿਰ ਵੀ ਕਾਂਗਰਸ ਪਾਰਟੀ ਦੇ 11 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ। ਕਿਉਂ? ਉਨ੍ਹਾਂ ਕਿਹਾ ਕਿ ਵਿੱਤੀ ਸਾਲ 2017-18 ਲਈ ਇੱਕ ਨੋਟਿਸ ਵਿੱਚ, 4 ਬੈਂਕਾਂ ਵਿਚ ਸਾਡੇ 11 ਖਾਤਿਆਂ ਵਿੱਚ 210 ਕਰੋੜ ਰੁਪਏ ਦਾ ਲਾਇਨ ਮਾਰਕ ਕੀਤਾ ਗਿਆ ਸੀ। ਕਾਰਨ ਇਹ ਦੱਸਿਆ ਗਿਆ ਸੀ ਕਿ ਕੁੱਲ 199 ਕਰੋੜ ਰੁਪਏ ਦੀ ਰਸੀਦ ਵਿਚੋਂ 14.49 ਲੱਖ ਰੁਪਏ ਨਕਦ (ਸਾਡੇ ਸੰਸਦ ਮੈਂਬਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਦਿਤੇ ਦਾਨ ਵਜੋਂ) ਮਿਲੇ ਹਨ। ਇਹ ਨਕਦ ਹਿੱਸਾ ਕੁੱਲ ਦਾਨ ਦਾ ਸਿਰਫ 0.07% ਹੈ ਅਤੇ ਜੁਰਮਾਨਾ 106% ਸੀ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਬੈਂਕ ਖਾਤਿਆਂ ਤੋਂ ਬਿਨਾਂ ਚੋਣ ਕਿਵੇਂ ਲੜਾਂਗੇ। ਜ਼ਰਾ ਕਲਪਨਾ ਕਰੋ ਕਿ ਜੇਕਰ ਤੁਹਾਡਾ ਖਾਤਾ ਬੰਦ ਹੋ ਜਾਵੇ ਤਾਂ ਤੁਹਾਡਾ ਗੁਜ਼ਾਰਾ ਕਿਵੇਂ ਹੋਵੇਗਾ। ਅਸੀਂ ਨਾ ਤਾਂ ਪ੍ਰਚਾਰ ਕਰ ਸਕਦੇ ਹਾਂ, ਨਾ ਯਾਤਰਾ ਕਰ ਸਕਦੇ ਹਾਂ ਅਤੇ ਨਾ ਹੀ ਨੇਤਾਵਾਂ ਨੂੰ ਪੈਸੇ ਦੇ ਸਕਦੇ ਹਾਂ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਚੋਣਾਂ ਤੋਂ 2 ਮਹੀਨੇ ਪਹਿਲਾਂ ਇਹ ਸਭ ਕਰਨਾ ਇਹੀ ਦਰਸਾਉਂਦਾ ਹੈ ਕਿ ਉਹ ਕਾਂਗਰਸ ਨੂੰ ਚੋਣ ਨਹੀਂ ਲੜਨ ਦੇਣਾ ਚਾਹੁੰਦੇ। ਕਾਂਗਰਸ ਦੇ ਸਾਰੇ ਖਾਤੇ ਇੱਕ ਮਹੀਨਾ ਪਹਿਲਾਂ ਫਰੀਜ਼ ਕੀਤੇ ਗਏ ਸਨ, ਕਾਂਗਰਸ ਨਾਲ ਬੇਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਚੁੱਪ ਧਾਰੀ ਰੱਖੀ। 20% ਲੋਕ ਸਾਨੂੰ ਵੋਟ ਦਿੰਦੇ ਹਨ। ਸਾਰੀਆਂ ਸੰਵਿਧਾਨਕ ਸੰਸਥਾਵਾਂ ਚੁੱਪ ਹਨ।