ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਚੋਣਾਂ ਦੀ ਤਰੀਕ ਆਖ਼ਰੀ ਪੜਾਅ ਦੇ ਵੀ ਬਿਲਕੁਲ ਆਖ਼ਰ ਵਿਚ ਰੱਖੇ ਜਾਣ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਦੋਸ਼ ਲਾਇਆ ਕਿ ਇਹ ਪੰਜਾਬ ਵਿਚ ਕਿਸਾਨਾਂ ਦੀਆਂ ਵੋਟਾਂ ਘੱਟ ਕਰਨ ਲਈ ਝੋਨੇ ਦੇ ਸੀਜ਼ਨ ਵਿਚ ਰੱਖੀ ਗਈ ਹੈ। ਅੱਜ ਸ਼ਾਮ ਅਪਣੀ ਸਰਕਾਰੀ ਰਿਹਾਇਸ਼ ਵਿਖੇ ਸੱਦੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਚੋਣ ਦੀ ਤਰੀਕ ਬਦਲੀ ਜਾਵੇ ਅਤੇ ਹਰਿਆਣਾ ਤੇ ਰਾਜਸਥਾਨ ਨਾਲ ਹੀ ਚੋਣ ਹੋਵੇ। ਬਾਜਵਾ ਨੇ ਪੰਜਾਬ ਦੀ ਚੋਣ ਅਖ਼ੀਰ ਵਿਚ ਹੋਣ ਕਾਰਨ ਇਥੇ ਗਾਫਬਦੀ ਦਾ ਮਾਹੌਲ ਬਣਾ ਕੇ ਪੈਰਾ ਮਿਲਟਰੀ ਫ਼ੋਰਸ ਦੀ ਦੇਖ ਰੇਖ ਵਿਚ ਹੀ ਚੋਣਾਂ ਕਰਵਾਉਣ ਦਾ ਖਦਸ਼ਾ ਪ੍ਰਗਟ ਕੀਤਾ ਹੈ ਤਾਂ ਜੋ ਭਾਜਪਾ ਨੂੰ ਲਾਭ ਮਿਲ ਸਕੇ। ਉਨ੍ਹਾਂ ਆਰ ਐਸ ਐਸ ਡੀਏ ਉਸ ਬਿਆਨ ਦਾ ਹਵਾਲਾ ਦਿਤਾ ਜਿਸ ਵਿਚ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਬਦਅਮਨੀ ਫੈਲਾਉਣ ਵਾਲਾ ਦਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਭਾਜਪਾ ਸੰਘ ਦੀ ਘੁਸਪੈਠ ਰਾਹੀਂ ਕਿਸਾਨ ਅੰਦੋਲਨ ਵਿਚ ਗੜਬੜੀ ਕਰਵਾ ਕੇ ਸੂਬੇ ਦਾ ਮਹੌਲ ਖ਼ਰਾਬ ਕਰ ਸਕਦੀ ਹੈ। ਹੋਰ ਰਾਜਾਂ ਤੋਂ ਵਿਹਲੇ ਹੋ ਕੇ ਭਾਜਪਾ ਆਗੂਆਂ ਦਾ ਵੱਡਾ ਹਜੂਮ ਪੰਜਾਬ ਵਿਚ ਆ ਸਕਦਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਪੰਜਾਬ ਵਿਚ ਚੋਣ ਦੀ ਤਰੀਕ ਬਦਲਣ ਲਈ ਗੰਭੀਰਤਾ ਨਾਲ ਸੋਚਣ ਦੀ ਮੰਗ ਕੀਤੀ ਹੈ।