ਮੁਕਤਸਰ ‘ਚ ਰੋਡਵੇਜ਼, ਪਨਬੱਸ ਪੀਆਰਟੀਸੀ ਮੁਲਾਜ਼ਮਾਂ ਨੇ ਬਾਬਾ ਬਡਭਾਗ ਸਿੰਘ ‘ਚ ਨਹਿਰੀ ਮੇਲੇ ਨੂੰ ਜਾਂਦੇ ਸਮੇਂ ਫਿਰੋਜ਼ਪੁਰ ਰੋਡਵੇਜ਼ ਡਿਪੂ ਦੇ ਸਰਕਾਰੀ ਬੱਸ ਕੰਡਕਟਰ ਦੇ ਟ੍ਰੈਫਿਕ ਮੈਨੇਜਰ ਵੱਲੋਂ ਥੱਪੜ ਮਾਰੇ ਜਾਣ ਦੇ ਦੋਸ਼ ‘ਚ ਬੱਸਾਂ ਦੇ ਪਹੀਏ ਜਾਮ ਕਰ ਕੇ ਹੜਤਾਲ ਕਰ ਦਿੱਤੀ ਹੈ। ਸਰਕਾਰੀ ਬੱਸਾਂ ਦੇ ਅਚਾਨਕ ਬੰਦ ਹੋਣ ਕਾਰਨ ਸਵਾਰੀਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਾਸ ਕਰਕੇ ਔਰਤਾਂ ਪਰੇਸ਼ਾਨ ਹੋ ਰਹੀਆਂ ਹਨ। ਮੁਕਤਸਰ ਦੇ ਬੱਸ ਸਟੈਂਡ ‘ਤੇ ਸਵਾਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ ਜੋ ਬੱਸਾਂ ਚੱਲਣ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਮੁਕਤਸਰ ਡਿਪੂ ‘ਚ ਰੋਜ਼ਾਨਾ 100 ਤੋਂ ਵੱਧ ਸਰਕਾਰੀ ਬੱਸਾਂ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਮੁਲਾਜ਼ਮਾਂ ਨੇ ਬੰਦ ਕਰ ਦਿੱਤਾ ਹੈ। ਮੁਕਤਸਰ ‘ਚ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਸਿਰਫ਼ 11 ਮਿੰਟ ਪਹਿਲਾਂ ਦੁਪਹਿਰ 2 ਵਜੇ ਬੱਸਾਂ ਬੰਦ ਕਰਨ ਦਾ ਇੰਟਰਨੈੱਟ ਮੀਡੀਆ ’ਤੇ ਅਲਟੀਮੇਟਮ ਦਿੱਤਾ। 1.49 ਮਿੰਟ ‘ਤੇ ਅਲਟੀਮੇਟਮ ਦੇਣ ਤੋਂ ਬਾਅਦ 2 ਵਜੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀ ਇਧਰ ਉਧਰ ਭਟਕ ਰਹੇ ਹਨ। ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਹੈ। ਅਜਿਹੇ ‘ਚ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਔਰਤਾਂ ਪਹਿਲਾਂ ਮੁਕਤਸਰ ਬੱਸ ਅੱਡੇ ‘ਤੇ ਕਰੀਬ ਇਕ ਘੰਟਾ ਉਡੀਕ ਕਰਦੀਆਂ ਰਹੀਆਂ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸਾਂ ਹੁਣ ਨਹੀਂ ਚੱਲਣਗੀਆਂ ਤਾਂ ਉਹ ਪ੍ਰਾਈਵੇਟ ਬੱਸਾਂ ‘ਚ ਹੀ ਕਿਰਾਇਆ ਖਰਚਣ ਲਈ ਮਜਬੂਰ ਹੋ ਗਈਆਂ। ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਚੇਅਰਮੈਨ ਜਗਸੀਰ ਸਿੰਘ ਨੇ ਦੱਸਿਆ ਕਿ ਪੱਟੀ ਡਿਪੂ ਵਿਖੇ ਤਾਇਨਾਤ ਟੀਐਮ ਵੱਲੋਂ ਫਿਰੋਜ਼ਪੁਰ ਡਿਪੂ ਦੇ ਕੰਡਕਟਰ ਨੂੰ ਥੱਪੜ ਮਾਰਨ ਦੀ ਘਟਨਾ ਕਾਰਨ ਪੂਰੇ ਪੰਜਾਬ ‘ਚ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਡਿਊਟੀ ਦੌਰਾਨ ਕੰਡਕਟਰ ਨੂੰ ਥੱਪੜ ਮਾਰਨਾ ਅਤਿ ਨਿੰਦਣਯੋਗ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤਕ ਉਕਤ ਅਧਿਕਾਰੀ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।