ਨਿੱਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਸਿੱਖਿਆ ਵਿਭਾਗ ਨੇ ਗਾਈਡਲਾਈਨ ਜਾਰੀ ਕੀਤੀ ਹੈ। ਇਸ ਤਹਿਤ ਪ੍ਰਾਈਵੇਟ ਸਕੂਲ ਪਰਿਸਰ ‘ਚ ਕਿਤਾਬਾਂ ਤੇ ਯੂਨੀਫਾਰਮ ਨਹੀਂ ਵੇਚ ਸਕਦੇ ਹਨ। ਦੂਜੇ ਪਾਸੇ ਕਿਤਾਬਾਂ ਤੇ ਹੋਰ ਸਮੱਗਰੀ ‘ਤੇ ਸਕੂਲ ਦਾ ਨਾਂ ਵੀ ਨਹੀਂ ਅੰਕਿਤ ਕੀਤਾ ਜਾ ਸਕਦਾ। ਇਹੀ ਨਹੀਂ ਮਾਪਿਆਂ ‘ਤੇ ਕਿਸੇ ਦੁਕਾਨ ਤੋਂ ਕਿਤਾਬਾਂ ਖਰੀਦਣ ਦਾ ਦਬਾਅ ਨਹੀਂ ਬਣਾਇਆ ਜਾਵੇਗਾ। ਗਾਈਡਲਾਈਨ ਦੀ ਪਾਲਣਾ ਨਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਈ ਪ੍ਰਾਈਵੇਟ ਸਕੂਲ ਵਿਸ਼ੇਸ਼ ਦੁਕਾਨ ਤੋਂ ਕਿਤਾਬ ਜਾਂ ਯੂਨੀਫਾਰਮ ਖਰੀਦਣ ਦਾ ਦਬਾਅ ਪਾਉਂਦੇ ਹਨ ਤਾਂ ਲਿਖਿਤ ਵਿਚ ਸ਼ਿਕਾਇਤ ਦੇ ਸਕਦੇ ਹਨ। ਮੈਨੇਜਮੈਂਟ ਮਾਪਿਆਂ ਨੂੰ ਸਕੂਲ ਦੇ ਵ੍ਹਟਸਐਪ ਗਰੁੱਪ ‘ਤੇ ਖਾਸ ਦੁਕਾਨਾਂ ਦਾ ਪਤਾ ਦੱਸ ਰਹੇ ਹਨ ਜਿਸ ਵਿਚ ਦੁਕਾਨ ਦਾ ਨਾਂ ਤੇ ਪਤਾ ਵੀ ਲਿਖਿਆ ਹੁੰਦਾ ਹੈ। ਮਾਪਿਆਂ ਨੂੰ ਉਸੇ ਦੁਕਾਨ ਤੋਂ ਯੂਨੀਫਾਰਮ ਖਰੀਦਣ ਲਈ ਕਿਹਾ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੂੰ ਯੂਨੀਫਾਰਮ ਦੇ ਸੈਂਪਲ ਦੇ ਰੰਗਾਂ ਬਾਰੇ ਭੇਜਣਾ ਚਾਹੀਦਾ ਹੈ ਨਾ ਕਿ ਦੁਕਾਨ ਦਾ ਨਾਂ। ਜਿਹਰੇ ਦੁਕਾਨਾਂ ਦਾ ਨਾਂ ਸਕੂਲ ਭੇਜ ਰਹੇ ਹਨ, ਉਹ ਹੋਰ ਦੁਕਾਨਾਂ ਤੋਂ ਮਹਿੰਗੇ ਰੇਟਾਂ ‘ਤੇ ਸਾਮਾਨ ਵੇਚਦੇ ਹਨ। ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਕਿਤਾਬਾਂ ਤੇ ਯੂਨੀਫਾਰਮ ਕੁਝ ਦੁਕਾਨਾਂ ‘ਤੇ ਹੀ ਮਿਲਦੀਆਂ ਹਨ। ਇਹੀ ਨਹੀਂ ਯੂਨੀਫਾਰਮ ਵਿਚ ਵੀ ਬਦਲਾਅ ਹੁੰਦਾ ਰਹਿੰਦਾ ਹੈ। ਯੂਨੀਫਾਰਮਤੇ ਜੁੱਤੇ ਆਦਿ ਵਿਚ ਕਲਰ, ਡਿਜ਼ਾਈਨ, ਸਟਿੱਕਰ ਤੇ ਟੈਗ ਜ਼ਰੀਏ ਬਦਲਾਅ ਕੀਤਾ ਜਾਂਦਾ ਹੈ। ਅਜਿਹੇ ਵਿਚ ਮਹਿੰਗੀ ਸਕੂਲ ਫੀਸ, ਯੂਨੀਫਾਰਮ ਤੇ ਕਿਤਾਬਾਂ ਵਜੋਂ ਬੱਚਿਆਂ ਦੀ ਪੜ੍ਹਾਈ ਮਾਪਿਆਂ ਲਈ ਮਹਿੰਗੇ ਪ੍ਰਾਜੈਕਟ ਦੀ ਤਰ੍ਹਾਂ ਹੈ।