ਲੋਕ ਸਭਾ ਚੋਣਾਂ ਵਿਚ ਸਿਆਸੀ ਆਖਾੜਾ ਪੂਰੀ ਤਰ੍ਹਾਂ ਗਰਮ ਹੈ । ਦਲ ਬਦਲੂਆਂ ਦਾ ਬਾਜ਼ਾਰ ਵੀ ਭਖਿਆ ਹੋਇਆ ਹੈ। ਇਸ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਿੰਕੂ ਕੁਮਾਰ ਅੱਜ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਪਹੁੰਚੇ ਹਨ। ਉਹ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਇਸ ਦੇ ਨਾਲ ਹੀ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਵੀ ਪਾਰਟੀ ਹੈੱਡਕੁਆਰਟਰ ਪਹੁੰਚ ਗਏ ਹਨ। ਸ਼ੀਤਲ ਪੰਜਾਬ ਵਿਧਾਨ ਸਭਾ ਦੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।ਲੋਕ ਸਭਾ ਚੋਣਾਂ ਦੌਰਾਨ ਇਹ ਆਮ ਆਦਮੀ ਪਾਰਟੀ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਭਾਜਪਾ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ।ਸੂਤਰਾਂ ਦੇ ਹਵਾਲੇ ਅਨੁਸਾਰ ਸੁਸ਼ੀਲ ਕੁਮਾਰ ਰਿੰਕੂ ਦੀ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਬੰਦ ਕਮਰਾ ਮੀਟਿੰਗ ਚੱਲ ਰਹੀ ਹੈ । ਇਸ ਮੀਟਿੰਗ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਰਿੰਕੂ ਤੇ ਸ਼ੀਤਲ ਅੰਗੁਰਾਲ ਦੀਆਂ ਬੀਜੇਪੀ ਵਿਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਚੱਲ ਰਹੀਆਂ ਸਨ। ਜਿਨ੍ਹਾਂ ਨੂੰ ਦੋਵਾਂ ਨੇ ਸਿਰੇ ਤੋਂ ਨਕਾਰਿਆ ਸੀ ਤੇ ਪਾਰਟੀ ਦੇ ਵਫਾਦਾਰ ਹੋਣ ਦੀ ਗੱਲ ਕਹੀ ਸੀ । ਦੱਸ ਦੇਈਏ ਕਿ ‘ਆਪ’ ਦੇ ਸੰਸਦ ਮੈਂਬਰ ਰਿੰਕੂ ਕੁਮਾਰ ਜਲੰਧਰ ਤੋਂ ਸੰਸਦ ਮੈਂਬਰ ਹਨ। ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪਿਛਲੇ ਸਾਲ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਸੁਸ਼ੀਲ ਕੁਮਾਰ ਰਿੰਕੂ ਮਈ, 2023 ਵਿੱਚ ਹੋਈ ਜਲੰਧਰ ਸੰਸਦੀ ਉਪ ਚੋਣ ਦੌਰਾਨ ਜਿੱਤੇ ਸਨ। ਇਸ ਉਪ ਚੋਣ ਵਿੱਚ ਉਨ੍ਹਾਂ ਨੇ 57 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।