ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰਗ ਕਮੇਟੀ ਵੱਲੋਂ ਇੱਕ ਨਵਾਂ ਮਤਾ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਪ੍ਰਾਈਵੇਟ ਸਟਾਲਾਂ ਵਾਲਿਆਂ ਨੂੰ ਕੰਪਲੈਕਸ ਦੇ ਅੰਦਰ ਬੋਤਲਾਂ ਵਾਲਾ ਪਾਣੀ ਵੇਚਣ ਦਾ ਅਧਿਕਾਰ ਦੇ ਦਿੱਤਾ ਹੈ। ਬੋਤਲਾਂ ਵਾਲੇ ਪਾਣੀ ਵਿਕਣ ਤੇ ਸੰਗਤਾਂ ਅਤੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਤਰਾਜ ਕੀਤਾ ਜਾ ਰਿਹਾ ਹੈ। ਦਰਅਸਲ ਨੈਸਕੈਫੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦੋ ਸਟਾਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਚਲਾਏ ਜਾ ਰਹੇ ਹਨ। ਇੱਕ ਸਟਾਲ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਬਾਹਰ ਅਤੇ ਇੱਕ ਸਟਾਲ ਜੋੜਾ ਘਰ ਘੰਟਾ ਘਰ ਦੇ ਬਾਹਰ ਚਲਾਇਆ ਜਾ ਰਿਹਾ ਹੈ। ਇਹਨਾਂ ਸਟਾਲਾਂ ਦਾ ਨਵਾਂ ਇਕਰਾਰਨਾਮਾ ਸ਼੍ਰੋਮਣੀ ਕਮੇਟੀ ਨੇ ਕਰਕੇ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਪਾਣੀ ਵਾਲੀਆਂ ਬੋਤਲਾਂ ਵੇਚਣ ਦਾ ਵੀ ਅਧਿਕਾਰ ਦੇ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਜਿੱਥੇ ਕਿ ਦੁਨੀਆ ਭਰ ਦੀ ਆਸਥਾ ਜੁੜੀ ਹੋਈ ਹੈ ਅਤੇ ਇੱਥੋਂ ਦੇ ਜਲ ਨੂੰ ਅੰਮ੍ਰਿਤ ਵਾਂਗ ਗ੍ਰਹਣ ਕਰਦੀਆਂ ਹਨ ਅਤੇ ਆਪਣੇ ਘਰਾਂ ਵਿੱਚ ਸਰੋਵਰ ਦਾ ਜਲ ਬੋਤਲਾਂ ਵਿੱਚ ਭਰ ਕੇ ਨਾਲ ਲੈ ਕੇ ਜਾਂਦੀਆਂ ਹਨ। ਉਥੇ ਹੀ ਪਾਣੀ ਵਾਲੀਆਂ ਬੋਤਲਾਂ ਮਹਿੰਗੇ ਭਾਅ ਵਿਕਣੀਆਂ ਪ੍ਰਬੰਧਕਾਂ ‘ਤੇ ਸਵਾਲੀਆ ਚਿੰਨ ਲਗਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਦਰਮਿਆਨ ਪੈਪਸੀ ਵੱਲੋਂ ਜਿੱਥੇ ਪੰਜ ਰੁਪਏ ਦੀ ਸਸਤੀ ਕੋਲਡ ਡਰਿੰਕ ਵੇਚੀ ਜਾ ਰਹੀ ਹੈ ਉਥੇ ਹੀ ਸੰਗਤ ਦੀ ਸਹੂਲਤ ਲਈ 10 ਰੁਪਏ ਵਿੱਚ ਇਕ ਲੀਟਰ ਪਾਣੀ ਦੀ ਬੋਤਲ ਸੰਗਤ ਨੂੰ ਦੇਣ ਦੀ ਆਪਣੀ ਮੰਗ ਕੀਤੀ ਸੀ ਜਿਸ ਨੂੰ ਜਾਇਦਾਦ ਕਮੇਟੀ ਵੱਲੋਂ ਉਨ੍ਹਾਂ ਦੀ ਮੌਜੂਦਗੀ ਵਿੱਚ ਨਕਾਰ ਦਿੱਤਾ ਸੀ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਨੇਕਾਂ ਹੀ ਛਬੀਲਾਂ ‘ਤੇ ਸੰਗਤ ਲਈ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਜੇਕਰ ਪ੍ਰਬੰਧਕ ਹੀ ਸੰਗਤ ਨੂੰ ਬੋਤਲਾਂ ਵਾਲੇ ਪਾਣੀ ਦੀ ਸਹੂਲਤ ਲੈਣ ਲਈ ਮਜਬੂਰ ਕਰਨਗੇ ਤਾਂ ਇੱਥੇ ਇੱਕ ਇਹ ਵੀ ਸੁਨੇਹਾ ਜਾਂਦਾ ਹੈ ਕਿ ਪ੍ਰਬੰਧਕ ਛਬੀਲਾਂ ਤੇ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਵਿੱਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਬੋਤਲਾਂ ਵਾਲਾ ਪਾਣੀ ਸਿਹਤ ਲਈ ਠੀਕ ਨਹੀਂ ਹੈ ਅਤੇ ਖਾਲੀ ਹੋਣ ਵਾਲੀਆਂ ਬੋਤਲਾਂ ਗੰਦਗੀ ਫੈਲਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਵਾਰ ਸ਼੍ਰੋਮਣੀ ਕਮੇਟੀ ਦਫਤਰਾਂ ਵਿੱਚ ਬੋਤਲਾਂ ਵਾਲੇ ਪਾਣੀ ਨੂੰ ਵਰਤਣ ‘ਤੇ ਵੀ ਗੁਰੇਜ ਕਰਨ ਲਈ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬੋਤਲਾਂ ਵਾਲਾ ਪਾਣੀ ਵਿਕਣਾ ਪ੍ਰਬੰਧਕਾਂ ਦੀ ਨਕਾਮੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਨੈਸਕੈਫੀ ਦੇ ਨਾਲ ਕੁਝ ਨਵੀਆਂ ਚੀਜ਼ਾਂ ਨੂੰ ਵੇਚਣ ਲਈ ਇੱਕ ਨਵਾਂ ਇਕਰਾਰਨਾਮਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਪਾਣੀ ਸ਼ਾਮਲ ਹੈ ਜਾਂ ਨਹੀਂ, ਨਵੇਂ ਇਕਰਾਰਨਾਮੇ ਨੂੰ ਮਤੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮਤਾ ਵੇਖਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਨ।