ਮਾਨਸਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੋਈ ਅਣਪਛਾਤੇ ਵਿਅਕਤੀ 10 ਸਾਲਾ ਗੁਰਸਿੱਖ ਬੱਚੇ ਦੀ ਲਾਸ਼ ਨੂੰ ਬੱਸ ਸਟੈਂਡ ਦੇ ਮੇਜ਼ ‘ਤੇ ਰੱਖ ਕੇ ਫਰਾਰ ਹੋ ਗਏ। ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੁਝ ਲੋਕ ਬੈਠੇ ਸਨ ਜਿਨ੍ਹਾਂ ਦੇ ਨਾਲ ਦੋ ਔਰਤਾਂ ਅਤੇ ਇਕ ਆਦਮੀ ਸੀ। ਉਸ ਦੇ ਸਾਹਮਣੇ ਮੇਜ਼ ਦੇ ਆਲੇ-ਦੁਆਲੇ ਕੋਈ ਨਹੀਂ ਸੀ। ਜਦੋਂ ਉਹ ਵਿਅਕਤੀ ਇਥੋਂ ਚਲੇ ਗਏ ਤਾਂ ਪਤਾ ਲੱਗਾ ਕਿ ਉੱਥੇ ਇੱਕ ਬੱਚੇ ਦੀ ਲਾਸ਼ ਪਈ ਸੀ। ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮਾਮਲੇ ਦੀ ਸੂਚਨਾ ਮਾਨਸਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾਇਆ ਹੈ। ਪੁਲਿਸ ਬੱਸ ਸਟੈਂਡ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚੇ ਦੀ ਲਾਸ਼ ਕਿਸ ਨੇ ਛੱਡੀ ਸੀ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।