ਸਰਕਾਰੀ ਕਾਲਜ ’ਚ ਵਿਦਿਆਰਥਣ ਨਾਲ ਗੈਂਗਰੇਪ , 2 ਆਰੋਪੀ ਗ੍ਰਿਫ਼ਤਾਰ ,1 ਅਜੇ ਫਰਾਰ

ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਵਿੱਚ ਪੜਦੀ ਫਸਟ ਯੀਅਰ ਦੀ ਵਿਦਿਆਰਥਣ ਨਾਲ 3 ਨੌਜਵਾਨਾਂ ਵੱਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪ੍ਰਿੰਸੀਪਲ ਦਫ਼ਤਰ ਦੇ ਉੱਪਰ ਬਣੇ ਕਮਰੇ ’ਚ ਵਾਪਰੀ ਦੱਸੀ ਜਾ ਰਹੀ ਹੈ। ਭਾਵੇਂ ਇਹ ਘਟਨਾ 27 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਪੀੜਤ ਲੜਕੀ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਨਾਭਾ ਕੋਤਵਾਲੀ ਪੁਲਿਸ ਨੂੰ 8 ਅਪ੍ਰੈਲ ਨੂੰ ਦਿੱਤੀ। ਪੁਲਿਸ ਨੇ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ 1 ਅਜੇ ਫਰਾਰ ਹੈ। ਓਧਰ ਸਰਕਾਰੀ ਰਿਪਦਮਨ ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੇ ਕਿਹਾ ਕਿ ਗੈਂਗਰੇਪ ਦੀ ਘਟਨਾ ਬਾਰੇ ਸਾਨੂੰ ਕੁਝ ਨਹੀਂ ਪਤਾ ਜਦੋਂ ਕਿ ਸਾਡੇ ਕਾਲਜ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਕਿ ਸਾਡੇ ਕਾਲਜ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਸਰਕਾਰੀ ਰਿਪੁਦਮਨ ਕਾਲਜ ’ਚ ਪੜ੍ਹਦੀ ਬੀ.ਏ. ਫਸਟ ਯੀਅਰ ਦੀ ਵਿਦਿਆਰਥਣ ਨਾਲ 3 ਨੌਜਵਾਨਾਂ ਵਲੋਂ ਪ੍ਰਿੰਸੀਪਲ ਦਫ਼ਤਰ ਦੇ ਉੱਪਰ ਬਣੇ ਕਮਰੇ ’ਚ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਲੜਕੀ ਵਲੋਂ ਸ਼ਿਕਾਇਤ ਲਿਖਾਈ ਗਈ ਸੀ ਕਿ 3 ਨੌਜਵਾਨਾਂ ਵਲੋਂ ਕਾਲਜ ’ਚ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੜਕੀ ਦਾ ਮੈਡੀਕਲ ਕਰਵਾ ਕੇ 3 ਮੁਲਜ਼ਮਾਂ ਖ਼ਿਲਾਫ਼ ਧਾਰਾ 376 ਡੀ, 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੇਸ ਦੇ ਮੁੱਖ ਸਰਗਣਾ ਦਵਿੰਦਰ ਸਿੰਘ ਤੇ ਉਸ ਦੇ ਸਾਥੀ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਜਾ ਵੀ ਜਲਦ ਪੁਲਿਸ ਦੀ ਗ੍ਰਿਫ਼ਤ ’ਚ ਹੋਵੇਗਾ। ਗ੍ਰਿਫ਼ਤਾਰ ਮੁਲਜ਼ਮਾਂ ਦੇ ਰਿਮਾਂਡ ਤੋਂ ਬਾਅਦ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ।

Leave a Reply

Your email address will not be published. Required fields are marked *