ਫਾਜ਼ਿਲਕਾ ਦੇ ਜਲਾਲਾਬਾਦ ‘ਚ ਆਟਾ ਖਾ ਕੇ ਕਰੀਬ 150 ਲੋਕਾਂ ਦੀ ਸਿਹਤ ਵਿਗੜ ਗਈ। ਇਸ ਦੌਰਾਨ ਕੁਝ ਲੋਕਾਂ ਨੂੰ ਉਲਟੀਆਂ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ, ਕਈਆਂ ਨੂੰ ਆਪਣੇ ਘਰਾਂ ‘ਚ ਬੇਹੋਸ਼ ਦੇਖਿਆ ਗਿਆ।ਜਾਣਕਾਰੀ ਅਨੁਸਾਰ ਕੱਲ੍ਹ ਪਹਿਲੇ ਨਵਰਾਤਰੇ ਦੇ ਮੌਕੇ ‘ਤੇ ਲੋਕਾਂ ਨੇ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ ਚੌਲਾਂ ਦਾ ਆਟਾ ਖਰੀਦਿਆ ਅਤੇ ਖਾਧਾ | ਜਿਸ ਤੋਂ ਬਾਅਦ ਰਾਤ ਨੂੰ ਵੱਡੀ ਗਿਣਤੀ ਲੋਕ ਹਸਪਤਾਲ ਪਹੁੰਚ ਗਏ। ਡਾਕਟਰ ਮੁਤਾਬਕ ਇਸ ਆਟੇ ਕਾਰਨ 100 ਤੋਂ 150 ਲੋਕ ਬਿਮਾਰ ਹੋ ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਵਿਧਾਇਕ ਜਗਦੀਪ ਗੋਲਡੀ ਹਸਪਤਾਲਾਂ ਵਿਚ ਦਾਖ਼ਲ ਲੋਕਾਂ ਦਾ ਹਾਲ ਚਾਲ ਜਾਣਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ’ਤੇ ਟੀਮ ਬਣਾਉਣਗੇ। ਪ੍ਰਸ਼ਾਸਨ ਵੱਲੋਂ ਇੱਕ ਟੀਮ ਤਿਆਰ ਕਰਕੇ ਪੂਰੇ ਮਾਮਲੇ ਦੀ ਸਖ਼ਤ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਮਿਲਾਵਟਖੋਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਬਜ਼ਾਰ ‘ਚ ਜੋ ਆਟਾ 70 ਰੁਪਏ ਕਿਲੋ ਦੇ ਹਿਸਾਬ ਨਾਲ ਥੋਕ ਮੁੱਲ ‘ਤੇ ਵਿਕ ਰਿਹਾ ਸੀ, ਉਹ 45 ਰੁਪਏ ਕਿਲੋ ਵਿਕ ਰਿਹਾ ਸੀ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਿਲਾਵਟਖੋਰੀ ਵੱਡੇ ਪੱਧਰ ‘ਤੇ ਹੋਈ ਹੈ।