ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਮਲੂਕਾ ਅਤੇ ਆਈਏਐਸ ਨੂੰਹ ਪਰਮਪਾਲ ਕੌਰ ਮਲੂਕਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਿਆਸਅਰਾਈਆਂ ਹਨ ਕਿ ਪਰਮਪਾਲ ਕੌਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੋ ਸਕਦੀ ਹੈ। ਦੱਸ ਦੇਈਏ ਕਿ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੇ ਕੁਝ ਦਿਨ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ, ਜੋ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ। 2015 ਵਿੱਚ ਹੀ ਉਨ੍ਹਾਂ ਨੂੰ ਪੀਸੀਐਸ ਤੋਂ ਆਈਏਐਸ ਕੇਡਰ ਵਿੱਚ ਤਰੱਕੀ ਦਿੱਤੀ ਗਈ ਸੀ। ਉਹ ਪੰਜਾਬ ‘ਚ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰ ਚੁੱਕੀ ਹੈ। ਅੱਜ ਆਈਏਐਸ ਅਧਿਕਾਰੀ ਦਾ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਉਂਟ ‘ਤੇ ਲਿਖਿਆ ਕਿ ਆਈਏਐਸ ਅਧਿਕਾਰੀ ਪਰਮਪਾਲ ਕੌਰ ਨੂੰ ਚਿਤਾਵਨੀ ਭਰੀ ਸਲਾਹ ਦਿੰਦਿਆਂ ਕਿਹਾ-‘ ਪਰਮਪਾਲ ਕੌਰ ਜੀ ਆਈ.ਏ.ਐਸ ਅਫਸਰ ਦੇ ਤੌਰ ‘ਤੇ ਅਸਤੀਫ਼ਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ… ਬੀਬੀ ਜੀ ਜਿੰਨੀ ਕਾਹਲੀ IAS ਬਣਨ ਦੀ ਸੀ…. ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ….. ਕਿਰਪਾ ਕਰਕੇ ਅਸਤੀਫ਼ਾ ਦੇਣ ਦੇ ਤਰੀਕੇ ਸਮਝੋ… ਨਹੀਂ ਤਾਂ ਸਾਰੀ ਸਾਰੀ ਉਮਰ ਦੀ ਕਮਾਈ ਖਤਰੇ ‘ਚ ਪੈ ਸਕਦੀ ਹੈ।