ਵੀਰਵਾਰ ਦੇਰ ਸ਼ਾਮ ਕਪੂਰਥਲਾ ਦੇ ਆਰਸੀਐਫ ਕੈਂਪਸ ‘ਚ ਅਪਾਹਜ ਬੱਚਿਆਂ ਦੇ ਜੈਕ ਐਂਡ ਜਿਲ ਸਕੂਲ ‘ਚ ਮਹਿਲਾ ਅਧਿਆਪਕ ਦੀ ਲਾਸ਼ ਉਸ ਦੇ ਕਮਰੇ ‘ਚ ਸ਼ੱਕੀ ਹਾਲਾਤ ‘ਚ ਲਟਕਦੀ ਮਿਲੀ। ਸੂਚਨਾ ਮਿਲਣ ਦੇ ਬਾਅਦ ਡੀਐ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਮਹਿਲਾ ਅਧਿਆਪਕ ਦੀ ਪਛਾਣ 32 ਸਾਲਾ ਰਮਨਦੀਪ ਕੌਰ ਵਾਸੀ ਪਿੰਡ ਨੇਸਰਾ ਦਸੂਹਾ ਵਜੋਂ ਹੋਈ ਹੈ। ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਅਧਿਆਪਕ ਦੇ ਪਰਿਵਾਰ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਚੌਕੀਦਾਰ ’ਤੇ ਉਸ ਨੂੰ ਤੰਗ ਕਰਨ ਦੇ ਦੋਸ਼ ਲਾਏ ਜਿਸ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਹਿਲਾ ਕੇਅਰ ਟੇਕਰ ਨੇ ਸਭ ਤੋਂ ਪਹਿਲਾਂ ਕਮਰੇ ‘ਚ ਮਹਿਲਾ ਅਧਿਆਪਕ ਰਮਨਦੀਪ ਕੌਰ ਦੀ ਲਟਕਦੀ ਲਾਸ਼ ਦੇਖੀ ਜਿਸ ਤੋਂ ਬਾਅਦ ਉਸ ਨੇ ਸਕੂਲ ਪ੍ਰਬੰਧਕਾਂ ਦੇ ਨਾਲ-ਨਾਲ ਪੁਲਿਸ ਨੂੰ ਵੀ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ, ਐਸਐਚਓ ਸਦਰ ਮੁਕੇਸ਼ ਕੁਮਾਰ, ਐਸਐਚਓ ਸਿਟੀ ਸੰਜੀਵਨ ਸਿੰਘ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਲੜਕੀ ਦੇ ਪਿਤਾ ਅਮਰਜੀਤ ਸਿੰਘ ਅਨੁਸਾਰ ਉਸ ਦੀ ਲੜਕੀ ਰਮਨਦੀਪ ਕੌਰ ਪਿਛਲੇ 4 ਸਾਲਾਂ ਤੋਂ ਇਸ ਸਕੂਲ ‘ਚ ਅਧਿਆਪਕ ਵਜੋਂ ਕੰਮ ਕਰ ਰਹੀ ਸੀ। ਸ਼ਾਮ ਉਸ ਨੂੰ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਥਾਣਾ ਸਦਰ ਦੀ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਸਕੂਲ ਪ੍ਰਿੰਸੀਪਲ ਰਸ਼ਮੀ, ਸਕੂਲ ਦੀ ਪੀਅਨ ਬਬੀਤਾ ਰਾਣੀ ਪਤਨੀ ਰਮੇਸ਼ ਕੁਮਾਰ, ਰਮੇਸ਼ ਕੁਮਾਰ ਪੁੱਤਰ ਮੁਖਤਾਰ ਸਿੰਘ ਵਾਸੀ ਆਰਸੀਐਫ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।