ਫਰੀਦਕੋਟ ਦੇ ਬਾਬਾ ਫਰੀਦ ਟਿੱਲਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਦੁਪਹਿਰ ਇੱਕ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਫੜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਉਥੋਂ ਦੇ ਸੇਵਾਦਾਰਾਂ ਨੇ ਸਮੇਂ ਸਿਰ ਕਾਬੂ ਕਰ ਲਿਆ। ਦੋਸ਼ੀ ਵਿਅਕਤੀ ਦਾ ਨਾਂ ਸਤਪਾਲ ਸਿੰਘ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਫੋਰਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੋਸ਼ੀ ਵਿਅਕਤੀ ਨੰਗੇ ਸਿਰ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਮਰਿਆਦਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਵਿਅਕਤੀ ਕਿਸ ਇਰਾਦੇ ਨਾਲ ਉਥੇ ਪਹੁੰਚਿਆ ਸੀ, ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬਾਬਾ ਫ਼ਰੀਦ ਜ਼ਿਲ੍ਹਾ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਵਿਅਕਤੀ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ ’ਤੇ ਆਇਆ ਸੀ। ਉਨ੍ਹਾਂ ਤੇਜ਼ੀ ਨਾਲ ਮੋਟਰਸਾਈਕਲ ਰੋਕਿਆ ਤੇ ਪਿੱਛੇ ਬੈਠਾ ਵਿਅਕਤੀ ਅਚਾਨਕ ਬਾਬਾ ਫ਼ਰੀਦ ਟਿੱਲਾ ਕੰਪਲੈਕਸ ਦੇ ਗੇਟ ਅੰਦਰ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵੱਲ ਭੱਜਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਦੋਸ਼ੀ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਾ ਕੇ ਬੈਠ ਗਿਆ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਵਿਅਕਤੀ ਕੋਈ ਹੋਰ ਹਮਲਾਵਰ ਗਤੀਵਿਧੀ ਕਰਦਾ, ਮੌਕੇ ‘ਤੇ ਪਹੁੰਚੇ ਸੇਵਾਦਾਰ ਨੇ ਉਸ ਨੂੰ ਹਟਾ ਦਿੱਤਾ।