ਸ਼ੁੱਕਰਵਾਰ ਰਾਤ ਕਰੀਬ ਸਾਢੇ 10 ਵਜੇ ਜਦੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ ਤਾਂ ਸਰਕਾਰੀ ਕਾਲਜ ਕੋਲੋਂ ਇਕ ਵਿਅਕਤੀ ਤੋਂ ਸਾਮਾਨ ਖੋਹ ਕੇ ਫਰਾਰ ਹੋਏ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਬੜੀ ਦਲੇਰੀ ਨਾਲ ਗੱਡੀ ਪਿੱਛੇ ਭਜਾ ਕੇ ਕਾਬੂ ਕੀਤਾ। ਇਸ ਦੌਰਾਨ ਤਿੰਨਾਂ ‘ਚੋਂ ਦੋ ਮੁੰਡੇ ਭੱਜਣ ‘ਚ ਕਾਮਯਾਬ ਹੋਏ ਤੇ ਇਕ ਅੜਿੱਕੇ ਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੋਟਰਸਾਈਕਲ ਸਮੇਤ ਲੜਕੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਕੋਲੋਂ ਇੱਕ ਕਾਪਾ ਬਰਾਮਦ ਹੋਇਆ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਉਹ ਆਪਣੀ ਸਕਿਓਰਿਟੀ ਨਾਲ ਕੋਟਕਪੂਰਾ ਰੋਡ ਸਥਿਤ ਪੈਲਸ ‘ਚ ਚੱਲ ਰਹੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਜਦ ਉਹ ਸਰਕਾਰੀ ਕਾਲਜ ਕੋਲ ਪਹੁੰਚੇ ਤਾਂ ਦੇਖਿਆ ਕਿ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਇਕ ਵਿਅਕਤੀ ਤੋਂ ਕੁਝ ਸਾਮਾਨ ਖੋਹ ਰਹੇ ਸਨ ਤੇ ਦੇਖਦੇ ਹੀ ਦੇਖਦੇ ਉਹ ਉੱਥੋਂ ਫਰਾਰ ਹੋ ਗਏ। ਉਸੇ ਸਮੇਂ ਉਨ੍ਹਾਂ ਨੇ ਗੱਡੀ ਲੁਟੇਰਿਆਂ ਦੇ ਪਿੱਛੇ ਲਾ ਲਈ। ਮੋਟਰਸਾਈਕਲ ਸਵਾਰ ਲੁਟੇਰੇ ਸੂਏ ਦੇ ਨਾਲ-ਨਾਲ ਹੋ ਗਏ। ਇਸ ਦੌਰਾਨ ਵਿਧਾਇਕ ਨੇ ਗੱਡੀ ਤੇਜ਼ ਕਰ ਕੇ ਉਨ੍ਹਾਂ ਦੇ ਅੱਗੇ ਲਗਾ ਲਈ ਤੇ ਮੋਟਰਸਾਈਕਲ ਸਵਾਰ ਡਿੱਗ ਪਏ। ਡਿੱਗਣ ਤੋਂ ਬਾਅਦ ਤਿੰਨੇ ਨੌਜਵਾਨ ਆਦੇਸ਼ ਹਸਪਤਾਲ ਕੋਲ ਬਣੇ ਫਲੈਟਾਂ ‘ਚ ਜਾ ਵੜੇ। ਉਨ੍ਹਾਂ ਦੱਸਿਆ ਕਿ ਸਕਿਉਰਿਟੀ ਵੱਲੋਂ ਇਕ ਨੌਜਵਾਨ ਨੂੰ ਅੰਦਰੋਂ ਕਾਬੂ ਕਰ ਲਿਆ ਗਿਆ। ਬਾਕੀ ਭੱਜਣ ‘ਚ ਕਾਮਯਾਬ ਹੋ ਗਏ। ਮੌਕੇ ‘ਤੇ ਥਾਣਾ ਸਿਟੀ ਦੇ ਐਸਐਚਓ ਵਰੂਣ ਕੁਮਾਰ ਤੇ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਟਤੇ ਪਹੁੰਚੇ ਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਗਏ। ਇਸ ਦੌਰਾਨ ਇਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ।