ਆਏ ਦਿਨ ਚਰਚਾ ’ਚ ਰਹਿਣ ਵਾਲੇ ਸਿਵਲ ਹਸਪਤਾਲ ’ਚ ਇਕ ਵਾਰ ਫਿਰ ਤੋਂ ਵੱਡਾ ਵਿਵਾਦ ਛਿੜ ਗਿਆ ਹੈ। ਇਥੇ ਸਟਾਫ ਦੀ ਮੁੜ ਲਾਪਰਵਾਹੀ ਸਾਹਮਣੇ ਆਈ ਹੈ, ਜਿਨ੍ਹਾਂ ਵੱਲੋਂ ਮਰੀਜ਼ ਨੂੰ ਰਾਤ ਭਰ ਮ੍ਰਿਤਕ ਬਜ਼ੁਰਗ ਨਾਲ ਲਿਟਾਏ ਰੱਖਿਆ। ਇਸ ਦਾ ਪਤਾ ਸਵੇਰੇ ਲੱਗਾ ਤਾਂ ਹਸਪਤਾਲ ’ਚ ਭਾਜੜ ਪੈ ਗਈ। ਸਟਾਫ ਦੇ ਹੱਥ-ਪੈਰ ਫੁੱਲ ਗਏ ਤੇ ਉਨ੍ਹਾਂ ਤੁਰੰਤ ਲਾਸ਼ ਨੂੰ ਉਥੋਂ ਹਟਵਾਇਆ। ਫਿਲਹਾਲ ਉਕਤ ਮਾਮਲੇ ’ਚ ਡੀਸੀ ਸਾਕਸ਼ੀ ਸਾਹਨੀ ਨੇ ਹਸਪਤਾਲ ਤੋਂ ਰਿਪੋਰਟ ਮੰਗ ਲਈ ਹੈ। ਹਾਲਾਂਕਿ ਐੱਸਐੱਮਓ ਨੇ ਲਾਸ਼ ਸਾਰੀ ਰਾਤ ਪਈ ਰਹਿਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਜਾਣਕਾਰੀ ਮੁਤਾਬਕ 9 ਅਪ੍ਰੈਲ ਨੂੰ ਐਂਬੂਲੈਂਸ ਰਾਹੀਂ ਇਕ ਅਣਪਛਾਤੇ ਬਜ਼ੁਰਗ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਭਰਤੀ ਕਰਵਾਇਆ ਗਿਆ ਸੀ। ਸ਼ਨਿਚਰਵਾਰ ਰਾਤ ਉਸ ਦੇ ਨਾਲ ਹੀ ਇਕ ਸੁਨੀਲ ਨਾਮ ਦੇ ਮਰੀਜ਼ ਨੂੰ ਵੀ ਭਰਤੀ ਕੀਤਾ ਗਿਆ, ਜਿਸ ਨੂੰ ਉਕਤ ਬਜ਼ੁਰਗ ਦੇ ਨਾਲ ਹੀ ਲਿਟਾ ਦਿੱਤਾ ਗਿਆ। ਚਰਚਾ ਹੈ ਕਿ ਕੁਝ ਘੰਟਿਆਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਤੇ ਸੁਨੀਲ ਪੂਰੀ ਰਾਤ ਇੱਕੋ ਬੈੱਡ ’ਤੇ ਲੇਟੇ ਰਹੇ ਪਰ ਸਟਾਫ ਦੇ ਕਿਸੀ ਵੀ ਮੈਂਬਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸਵੇਰੇ ਜਦ ਪਤਾ ਲੱਗਾ ਤਾਂ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਨੂੰ ਦੇਖਣ ਤੋਂ ਬਾਅਦ ਸਟਾਫ ’ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸਟਾਫ ਨੇ ਬਜ਼ੁਰਗ ਦੀ ਮੌਤ ਦਾ ਸਮਾਂ 11.40 ਵਜੇ ਰਿਕਾਰਡ ਕੀਤਾ ਹੈ, ਜਦਕਿ ਦੋਸ਼ ਲੱਗ ਰਹੇ ਹਨ ਕਿ ਬਜ਼ੁਰਗ ਦੀ ਮੌਤ ਰਾਤ ਨੂੰ ਹੀ ਹੋ ਗਈ ਸੀ। ਇਸ ਤੋਂ ਬਾਅਦ ਲਾਸ਼ ਨੂੰ ਉਥੋਂ ਹਟਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮਰੀਜ਼ ਦੀ ਨਬਜ਼ ਦੇਖਣ ਲਈ ਜੋ ਮੀਟਰ ਲਗਾਇਆ ਗਿਆ ਸੀ, ਉਹ ਮਰਨ ਤੋਂ ਬਾਅਦ ਵੀ ਉਥੇ ਹੀ ਲੱਗਾ ਰਿਹਾ ਸੀ। ਇਸ ਮਾਮਲੇ ’ਚ ਮੈਂ ਰਿਪੋਰਟ ਮੰਗੀ ਹੈ। ਇਸ ਮਾਮਲੇ ’ਚ ਜਿਸ ਦੀ ਵੀ ਲਾਪਰਵਾਹੀ ਨਜ਼ਰ ਆਈ, ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਅਫਵਾਹ ਫੈਲਾਈ ਜਾ ਰਹੀ ਹੈ ਕਿ ਮਰੀਜ਼ ਨਾਲ ਲਾਸ਼ ਸਾਰੀ ਰਾਤ ਮਰੀਜ਼ ਨਾਲ ਪਈ ਰਹੀ। ਅਜਿਹਾ ਕੁਝ ਨਹੀਂ ਹੈ। ਜਿਵੇਂ ਹੀ ਉਸ ਦੀ ਮੌਤ ਹੋਈ ਤਾਂ ਕੁਝ ਮਿੰਟਾਂ ’ਚ ਹੀ ਲਾਸ਼ ਨੂੰ ਉਥੋਂ ਹਟਾ ਦਿੱਤਾ ਗਿਆ। ਜਿਥੇ ਲਾਸ਼ ਪਈ ਸੀ, ਉਸ ਨੂੰ ਅਣਪਛਾਤਾ ਵਾਰਡ ਦੱਸਿਆ ਜਾ ਰਿਹਾ ਹੈ, ਜਦਕਿ ਉਹ ਐਮਰਜੈਂਸੀ ਵਾਰਡ ਹੈ। ਮਾਮਲੇ ਦੀ ਜਾਂਚ ਜਾਰੀ ਹੈ।