ਲੁਧਿਆਣਾ ਦੀ ਔਰਤ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਜੀਵਨਲੀਲਾ ਕੀਤੀ ਸਮਾਪਤ

ਪੁਰਾਣਾ ਬੱਸ ਅੱਡਾ ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੀ ਭਾਖੜਾ ਨਹਿਰ ਦੀ ਛੋਟੀ ਪੁਲ਼ੀ ਨੇੜਿਓਂ ਇੱਕ ਔਰਤ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਔਰਤ ਨੇ ਭਾਖੜਾ ਨਹਿਰ ਵਿੱਚ ਛਾਲ ਮਾਰੀ ਤਾਂ ਨੇੜੇ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਵੱਲੋਂ ਉਕਤ ਔਰਤ ਨੂੰ ਬਚਾਉਣ ਲਈ ਨਹਿਰ ‘ਚ ਛਾਲ ਮਾਰ ਦਿੱਤੀ ਗਈ ਤੇ ਕਰੀਬ 100 ਮੀਟਰ ਦੂਰ ਜਾ ਕੇ ਉਕਤ ਔਰਤ ਨੂੰ ਬੜੀ ਮੁਸ਼ਕਿਲ ਤੋਂ ਬਾਅਦ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਉਕਤ ਔਰਤ ਨੂੰ ਇਲਾਜ ਲਈ ਮੁਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਾਇਆ ਗਿਆ ਜਿੱਥੇ ਡਾ. ਜੰਗਜੀਤ ਸਿੰਘ ਵੱਲੋਂ ਉਕਤ ਔਰਤ ਦਾ ਚੈੱਕਅਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨਿਆ।ਉਨ੍ਹਾਂ ਦੱਸਿਆ ਕਿ ਉਕਤ ਔਰਤ ਦੇ ਜ਼ਿਆਦਾ ਦੇਰ ਪਾਣੀ ‘ਚ ਰਹਿਣ ਕਾਰਨ ਇਸ ਦੇ ਫੇਫੜਿਆਂ ਅੰਦਰ ਪਾਣੀ ਜਾਣ ਕਾਰਨ ਇਹ ਸਾਹ ਨਹੀਂ ਲੈ ਸਕੀ ਤੇ ਆਕਸੀਜਨ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਾਕੀ ਤਾਂ ਇਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਕਤ ਔਰਤ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਉਕਤ ਔਰਤ ਨੇ ਆਪਣਾ ਇਕ ਝੋਲਾ ਨਹਿਰ ਕੰਢੇ ਰੱਖ ਦਿੱਤਾ ਸੀ ਜਿਸ ਵਿੱਚੋਂ ਉਸ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ। ਆਧਾਰ ਕਾਰਡ ਮੁਤਾਬਕ ਉਤਕ ਔਰਤ ਦਾ ਨਾਂ ਤੇ ਪਤਾ ਮਨਜੀਤ ਕੌਰ ਪਤਨੀ ਗੁਰਚਰਨ ਸਿੰਘ ਉਮਰ ਕਰੀਬ 63 ਸਾਲ ਵਾਸੀ ਸਮਰਾਲਾ ਰਾਜੇਵਾਲ ਜ਼ਿਲ੍ਹਾ ਲੁਧਿਆਣਾ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published. Required fields are marked *