ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਅਤੇ ਸਮੁੱਚੇ ਦੇਸ਼ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਅਰਦਾਸ ਕਰਨ ਲਈ ਮਾਂ ਚਿੰਤਪੁਰਨੀ ਮੰਦਿਰ ਵਿਖੇ ਨਤਮਸਤਕ ਹੋਏ। ਅਧਿਆਤਮਿਕ ਮਾਹੌਲ ਵਿੱਚ ਲੀਨ ਹੋਏ ਰਾਜਾ ਵੜਿੰਗ ਨੇ ਅਦਭੁਤ ਸ਼ਾਂਤੀ ਭਾਵ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਦੌਰੇ ਮਨ ਨੂੰ ਸ਼ੁੱਧ ਤੇ ਆਤਮਾ ਨੂੰ ਸ਼ਾਤੀ ਪ੍ਰਦਾਨ ਕਰਦੇ ਹਨ। ਅਜਿਹੇ ਅਧਿਆਤਮਿਕ ਯਤਨ ਨਾ ਸਿਰਫ਼ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਬਲਕਿ ਭਾਈਚਾਰਿਆਂ ਵਿੱਚ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਵੀ ਪ੍ਰੇਰਿਤ ਕਰਦੇ ਹਨ। ”ਅਪਣੀ ਫੇਰੀ ਦੌਰਾਨ ਰਾਜਾ ਵੜਿੰਗ ਨੇ ਤਰੱਕੀ, ਸਦਭਾਵਨਾ ਅਤੇ ਖੁਸ਼ਹਾਲੀ ਵਾਲੇ ਰਾਜ ਦੀ ਕਲਪਨਾ ਕਰਦੇ ਹੋਏ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਦਿਲੋਂ ਅਰਦਾਸ ਕੀਤੀ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਸ਼ਮੂਲੀਅਤ ਦੇ ਸਿਧਾਂਤਾਂ ਤੋਂ ਸੇਧ ਲੈਂਦਿਆਂ ਪੰਜਾਬ ਦੇ ਲੋਕਾਂ ਦੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ। ਅਰਦਾਸ ਦੌਰਾਨ ਰਾਜਾ ਵੜਿੰਗ ਨੇ ਮਾਂ ਚਿੰਤਪੁਰਨੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੋਏ ਅਰਦਾਸ ਕੀਤੀ ਕਿ ਮਾਂ ਸਾਰੇ ਵਿਅਕਤੀਆਂ ਦੇ ਬੋਝ ਅਤੇ ਚਿੰਤਾਵਾਂ ਨੂੰ ਦੂਰ ਕਰਨ ਤੇ ਦੁੱਖਾਂ ਦਾ ਅੰਤ ਕਰਦੇ ਹੋਏ ਇੱਕ ਖੁਸ਼ਹਾਲ ਦੌਰ ਦੀ ਸਿਰਜਨਾ ਕਰਨ। ਇਸ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਮੂਹਿਕ ਭਲਾਈ ਅਤੇ ਸਮਾਜਿਕ ਸਦਭਾਵਨਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਸਮੁੱਚੇ ਦੇਸ਼ ਅਤੇ ਪੰਜਾਬ ਲਈ ਸਦਭਾਵਨਾ ਤੇ ਖੁਸ਼ਹਾਲ ਮਹੌਲ ਦੀ ਅਰਦਾਸ ਕੀਤੀ। ਉਨ੍ਹਾਂ ਨੇ ਮਾਂ ਚਿੰਤਪੁਰਨੀ ਦੀ ਕਿਰਪਾ ਨਾਲ ਸਮੁੱਚੇ ਦੇਸ਼ ਦੇ ਲੋਕਾਂ ਨੂੰ ਖੁਸ਼ਹਾਲੀ, ਏਕਤਾ ਅਤੇ ਤਰੱਕੀ ਵੱਲ ਸੇਧ ਦੇਣ ਦੇ ਨਾਲ-ਨਾਲ ਨਸ਼ਿਆਂ, ਹਿੰਸਾ ਅਤੇ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁਕਤ ਪੰਜਾਬ ਸਿਰਜਣ ਲਈ ਵੀ ਅਰਦਾਸ ਕੀਤੀ।