ਜਲੰਧਰ ਦੇ ਨਾਲ ਲੱਗਦੇ ਪਿੰਡ ਜੌਹਲਾ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕਿਸੇ ਨੇ ਉਥੇ ਬੰਬ ਰੱਖੇ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ 200 ਦੇ ਕਰੀਬ ਪੁਲਿਸ ਮੁਲਾਜ਼ਮ ਇਕੱਠੇ ਹੋ ਗਏ ਤੇ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਜਿੱਥੇ ਬੰਬਨੁਮਾ ਚੀਜ਼ ਮਿਲੀ ਸੀ, ਉੱਥੋਂ ਦੇ ਆਸਪਾਸ ਇਕ ਕਿਲੋਮੀਟਰ ਦੇ ਘੇਰੇ ‘ਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਜਗ੍ਹਾ ਪਹੁੰਚਾਇਆ। ਬੰਬਨੁਮਾ ਚੀਜ਼ ਦੇ ਆਸ-ਪਾਸ ਮਿੱਟੀ ਦੀਆਂ ਬੋਰੀਆਂ ਪਾ ਕੇ ਉਸ ਨੂੰ ਢਕ ਦਿੱਤਾ। ਬੰਬ ਸਕੁਐਡ ਦੀ ਟੀਮ ਵੀ ਮੌਕੇ ‘ਤੇ ਪਹੁੰਚੀ। 10 ਮਿੰਟ ਦੇ ਅੰਦਰ ਹੀ ਬੰਬਨੁਮਾ ਚੀਜ਼ ਨੂੰ ਖੋਲ੍ਹ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਉਹ ਮਹਿਜ਼ ਇਕ ਤਾਰਾਂ ਦਾਢੇਰ ਸੀ। ਉਦੋਂ ਜਾ ਕੇ ਪਤਾ ਚੱਲਿਆ ਕਿ ਇਹ ਜਲੰਧਰ ਦੇ ਐੱਸਪੀ ਨੇ ਮੌਕ ਡ੍ਰਿਲ ਕਰਵਾਈ ਸੀ। ਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਸੁਰੱਖਿਆ ਵਿਵਸਥਾ ਦੀ ਜਾਂਚ ਲਈ ਅਜਿਹਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋ ਅਫਸਰਾਂ ਨੂੰ ਛੱਡ ਕੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਥੇ ਕੋਈ ਮੌਕ ਡ੍ਰਿਲ ਹੋ ਰਹੀ ਹੈ। ਉਨ੍ਹਾਂ ਆਪਣੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਸਮੁੱਚੀ ਪੁਲਿਸ ਟੀਮ, ਬੰਬ ਨਿਰੋਧਕ ਟੀਮ ਤੇ ਅਧਿਕਾਰੀ 10 ਮਿੰਟ ਦੇ ਅੰਦਰ ਮੌਕੇ ‘ਤੇ ਪਹੁੰਚ ਗਏ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨੂੰ ਪੂਰਾ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।