ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਬੀਜੇਪੀ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਮੀਡੀਆ ਨਾਲ ਗੱਲਬਾਤ ਦੌਰਾਨ ਗੁੱਸੇ ਵਿਚ ਆ ਗਏ। ਚੰਨੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ। ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪੁੱਜੇ ਚੰਨੀ ਨੇ ਇਕ ਬਿਆਨ ਵਿਚ ਕਿਹਾ- ਸ. ਸਾਂਸਦ ਸੰਤੋਖ ਚੌਧਰੀ ਕਾਂਗਰਸ ਵਿਚ ਜ਼ਿੰਦਾ ਸਨ ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿਤਾ ਹੈ। ਚੰਨੀ ਨੇ ਕਿਹਾ-ਕਰਮਜੀਤ ਕੌਰ ਚੌਧਰੀ ਬਜ਼ੁਰਗ ਹੋ ਗਏ ਹਨ। ਉਨ੍ਹਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ- ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਨੁਕਸਾਨ ਜ਼ਰੂਰ ਹੋਵੇਗਾ। ਚੰਨੀ ਨੇ ਅੱਗੇ ਕਿਹਾ- ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਹੋਈ ਜਦੋਂ ਉਨ੍ਹਾਂ ਦੀ ਪਤਨੀ ਭਾਜਪਾ ਵਿਚ ਸ਼ਾਮਲ ਹੋ ਗਏ। ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜ਼ਿੰਦਾ ਸਨ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ- ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਸੀ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿਤਾ ਹੈ। ਬ੍ਰਿਕਮ ਦੇ ਕਹਿਣ ‘ਤੇ ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਨਾ ਕਿ ਕਾਂਗਰਸ ਦਾ। ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿਤਾ ਹੈ।