ਲੋਕ ਸਭਾ ਚੋਣਾਂ ਵਿਚਾਲੇ ਸਿਆਸੀ ਆਗੂਆਂ ਵਲੋਂ ਇਕ ਦੂਜੇ ਵਿਰੁਧ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਹੁਣ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਉਤੇ ਭਾਜਪਾ ਵਲੋਂ ਇਲਜ਼ਾਮ ਲਗਾਏ ਗਏ ਹਨ। ਦਰਅਸਲ ਆਮ ਆਦਮੀ ਪਾਰਟੀ ਵਲੋਂ ਸੰਸਦ ਮੈਂਬਰ ਰਹਿੰਦਿਆਂ ਡਾ. ਧਰਮਵੀਰ ਗਾਂਧੀ ਨੇ 21 ਦਸੰਬਰ 2017 ਨੂੰ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਕਿ, “ਪੰਜਾਬ ਵਿਚ ਬਿਆਸ ਸਥਿਤ ਇਕ ਪ੍ਰਮੁੱਖ ਧਾਰਮਿਕ ਡੇਰੇ ਵਲੋਂ ਡੇਰੇ ਦੇ ਨਾਲ ਲੱਗਦੇ ਡੇਢ ਦਰਜਣ ਪਿੰਡਾਂ ਦੇ ਗਰੀਬ ਕਿਸਾਨਾਂ ਅਤੇ ਦਲਿਤ ਗਰੀਬ ਮਜ਼ਦੂਰਾਂ ਦੀਆਂ ਜ਼ਮੀਨਾਂ ਤੇ ਘਰਾਂ ਨੂੰ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਹੜੱਪਣ ਦੀਆਂ ਕੋਸ਼ਿਸ਼ਾਂ ਉਤੇ ਤੁਰੰਤ ਲਗਾਮ ਲਗਾਈ ਜਾਵੇ” । ਇਸ ਸ਼ਿਕਾਇਤ ਮਗਰੋਂ ਗ੍ਰਹਿ ਮੰਤਰਾਲੇ ਨੇ 5 ਜਨਵਰੀ 2018 ਨੂੰ ਮਾਮਲੇ ਸਬੰਧੀ ਕਾਰਵਾਈ ਦਾ ਭਰੋਸਾ ਦਿਤਾ ਸੀ। ਹਾਲਾਂਕਿ ਇਨ੍ਹਾਂ ਇਲਜ਼ਾਮਾਂ ਉਤੇ ਡਾ. ਗਾਂਧੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰੋਜ਼ਾਨਾ ਸਪੋਕਸਮੈਨ ਵੀ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰਦਾ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਨ ਪੇਜ ‘ਪੰਜਾਬ ਦਾ ਕੈਪਟਨ’ ਉਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, “ਡਾ. ਧਰਮਵੀਰ ਗਾਂਧੀ ਦਾ ਧਰਮ ਵਿਰੋਧੀ ਚਿਹਰਾ ਬੇਨਕਾਬ। ਡੇਰਾ ਬਿਆਸ ਖ਼ਿਲਾਫ਼ ਡਾ. ਗਾਂਧੀ ਨੇ ਕੇਂਦਰ ਨੂੰ ਕੀਤੀ ਸੀ ਝੂਠੀ ਸ਼ਿਕਾਇਤ। ਗੁੱਸੇ ਵਿਚ ਆਏ ਸ਼ਰਧਾਲੂ… ਕਾਂਗਰਸ ਖ਼ਿਲਾਫ਼ ਭੁਗਤਾਨ ਨੂੰ ਤਿਆਰ”।