ਹੁਸ਼ਿਆਰਪੁਰ ‘ਚ ਨਹਿਰ ਕੰਢੇ ਜ਼ਖਮੀ ਹਾਲਤ ‘ਚ ਮਿਲਿਆ ਸਾਬਕਾ ਫੌਜੀ, ਇਲਾਜ ਦੌਰਾਨ ਹੋਇਆ ਰੱਬ ਨੂੰ ਪਿਆਰਾ

ਹੁਸ਼ਿਆਰਪੁਰ ਦੇ ਬਲਾਕ ਗੜ੍ਹਦੀਵਾਲਾ ਕੋਲ ਨਹਿਰ ਕਿਨਾਰੇ ਜਖਮੀ ਹਾਲਤ ਵਿਚ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ‘ਤੇ ਧਾਰਦਾਰ ਹਥਿਆਰਾਂ ਦੇ ਵਾਰ ਨੂੰ ਦੇਖਦੇ ਹੋਏ ਪੁਲਿਸ ਨੇ ਮ੍ਰਿਤਕ ਦੇ ਭਰਾ ਸਤਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 302 ਤਹਿਤ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ ਵਜੋਂ ਹੋਈ ਹੈ। ਪ੍ਰਦੀਪ ਸਿੰਘ ਵਾਸੀ ਪਿੰਡ ਭਾਨੋਵਾਲ ਗੜ੍ਹਦੀਵਾਲਾ ਦਾ ਰਹਿਣ ਵਾਲਾ ਸੀ ਤੇ ਉਹ ਸਾਬਕਾ ਫੌਜੀ ਵੀ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਲਈ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਭਰਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰਾਤ 11 ਵਜੇ ਉਹ ਆਪਣੇ ਘਰ ‘ਤੇ ਸੌਂ ਰਿਹਾ ਸੀ। ਇਸੇ ਦੌਰਾਨ ਪ੍ਰਦੀਪ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੇ ਭਰਾ ਦੇ ਬਾਹਰ ਜਾਣ ਤੇ ਘਰ ਨਾ ਪਰਤਣ ਬਾਰੇ ਦੱਸਿਆ। ਰੁਪਿੰਦਰ ਕੌਰ ਨੇ ਕਿਹਾ ਕਿ ਪ੍ਰਦੀਪ ਸਿੰਘ ਆਪਣੇ ਬਾਈਕ ‘ਤੇ ਗਿਆ ਹੈ ਪਰ ਅਜੇ ਤੱਕ ਘਰ ਨਹੀਂ ਆਇਆ ਜਿਸ ‘ਤੇ ਸਤਵਿੰਦਰ ਸਿੰਘ ਵੱਲੋਂ ਮ੍ਰਿਤਕ ਪ੍ਰਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਭਾਲ ਦੌਰਾਨ ਨਹਿਰ ਕੋਲ ਪ੍ਰਦੀਪ ਸਿੰਘ ਜ਼ਖਮੀ ਹਾਲਤ ਵਿਚ ਮਿਲਿਆ। ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟੀ ਹੋਈ ਸੀ ਤੇ ਪ੍ਰਦੀਪ ਸਿੰਘ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤਾ ਗਿਆ ਸੀ। ਪ੍ਰਦੀਪ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਇਲਾਜ ਦੌਰਾਨ ਪ੍ਰਦੀਪ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *