ਸਿਵਲ ਹਸਪਤਾਲ ਲੁਧਿਆਣਾ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ,ਜਦੋਂ ਹਸਪਤਾਲ ਦੇ ਵਿਹੜੇ ’ਚ ਇੱਕ ਪ੍ਰਾਈਵੇਟ ਐਂਬੂਲੈਂਸ ’ਚ ਅੱਗ ਲੱਗ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਪ੍ਰਾਈਵੇਟ ਐਂਬੂਲੈਂਸ ਜੋ ਹਸਪਤਾਲ ਦੇ ਐਮਰਜੈਂਸੀ ਵਾਰਡ ਸਾਹਮਣੇ ਖੜ੍ਹੀ ਸੀ, ਵਿੱਚ ਦੇਰ ਰਾਤ 10 ਕੁ ਵਜੇ ਦੇ ਕਰੀਬ ਅੱਗ ਲੱਗ ਗਈ। ਸ਼ੁਰੂਆਤੀ ਦੌਰ ’ਚ ਅੱਗ ਘੱਟ ਸੀ, ਜਿਸ ਨੂੰ ਗੱਡੀ ’ਚ ਹੀ ਬੈਠੇ ਡਰਾਇਵਰ ਨੇ ਖੁਦ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਲਗਾਤਾਰ ਵਧ ਰਹੀ ਸੀ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਮੌਜੂਦ ਮਰੀਜ਼ਾਂ ਦੇ ਵਾਰਸਾਂ ਤੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਮਿੱਟੀ ਨਾਲ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਚਾਲਕ ਐਂਬੂਲੈਂਸ ਲੈ ਕੇ ਰਫ਼ੂਚੱਕਰ ਹੋ ਗਿਆ। ਇਸ ਮੌਕੇ ਮੌਜੂਦ ਕੁੱਝ ਲੋਕਾਂ ਨੇ ਦੱਸਿਆ ਕਿ ਚਾਲਕ ਐਂਬੂਲੈਂਸ ਦੇ ਵਿੱਚ ਹੀ ਬੈਠ ਕੇ ਸ਼ਰਾਬ ਦੇ ਨਾਲ ਨਾਲ ਬੀੜੀ ਪੀ ਰਿਹਾ ਸੀ ਜੋ ਅੱਗ ਲੱਗਣ ਦਾ ਕਾਰਨ ਬਣਿਆ। ਜਦਕਿ ਚਾਲਕ ਮੁਤਾਬਕ ਉਸਨੇ ਮੱਛਰ ਭਜਾਉਣ ਲਈ ਕਛੂਆ ਲਗਾਇਆ ਸੀ, ਜਿਸ ਕਾਰਨ ਐਂਬੂਲੈਂਸ ਵਿੱਚ ਅੱਗ ਲੱਗ ਗਈ।