ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਹਲਕੇ ਲਈ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ “ਕਾਂਗਰਸ ਲੀਡਰਸ਼ਿਪ ਵੱਲੋਂ ਮੇਰੇ ਉੱਤੇ ਜਤਾਏ ਗਏ ਭਰੋਸੇ ‘ਤੇ ਖਰਾ ਉਤਰਣ ਅਤੇ ਲੁਧਿਆਣਾ ਦੇ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਤਿਆਰ ਹਾਂ। ਮੈਂ ਕਦੇ ਵੀ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਿਆ ਤੇ ਇਸ ਵਾਰ ਵੀ ਮੈਂ ਲੁਧਿਆਣਾ ਤੋਂ ਚੋਣ ਲੜਨ ਲਈ ਤਿਆਰ ਹਾਂ ਅਤੇ ਇਹਨਾਂ ਚੋਣਾਂ ਵਿੱਚ ਜਿੱਤਣ ਲਈ ਦਿਨ ਰਾਤ ਇੱਕ ਕਰ ਦਿਆਂਗਾ। ਰਣਨੀਤੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ, “ਲੁਧਿਆਣੇ ਵਿੱਚ ਮੇਰੀ ਮੁਹਿੰਮ ਸਿਰਫ਼ ਇੱਕ ਵਿਅਕਤੀ ਦੇ ਵਿਰੁੱਧ ਨਹੀਂ ਹੈ, ਸਗੋਂ ਇਹ ਉਸ ਵਿਅਕਤੀ ਦੇ ਵਿਰੁੱਧ ਹੈ, ਜਿਸ ਨੇ ਇੱਕ ਵਾਰ ਕਾਂਗਰਸ ਪਾਰਟੀ ਦੇ ਭਰੋਸੇ ਅਤੇ ਸਰਪ੍ਰਸਤੀ ਦਾ ਆਨੰਦ ਮਾਣਿਆ ਬਾਅਦ ਵਿੱਚ ਪਾਰਟੀ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਅਜਿਹੇ ਧੋਖਿਆਂ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਕੋਈ ਜਗ੍ਹਾ ਨਹੀਂ ਹੈ, ਮੈਨੂੰ ਲੁਧਿਆਣੇ ਦੇ ਲੋਕਾਂ ‘ਤੇ ਪੂਰਾ ਭਰੋਸਾ ਹੈ ਉਹ 4 ਜੂਨ ਨੂੰ ਇਹ ਗੱਲ ਸਪੱਸ਼ਟ ਕਰ ਦੇਣਗੇ। ਰਵਨੀਤ ਬਿੱਟੂ ਨੂੰ ਇਸ ਗੱਲ ਦਾ ਜਲਦ ਅਹਿਸਾਸ ਹੋ ਜਾਵੇਗਾ ਕਿ ਉਹਨਾਂ ਨੇ ਜੋ ਜਗ੍ਹਾ ਰਾਜਨੀਤੀ ਵਿੱਚ ਬਣਾਈ ਹੈ ਉਹ ਸਿਰਫ਼ ਕਾਂਗਰਸ ਦੀ ਹੀ ਦੇਣ ਹੈ ਤੇ ਹੁਣ ਰਵਨੀਤ ਬਿੱਟੂ ਦਾ ਸਿਆਸੀ ਸਫ਼ਰ ਖਤਮ ਹੋਣ ਜਾ ਰਿਹਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ, ” ਆਪਣੇ ਰਾਜਨੀਤਿਕ ਸਫ਼ਰ ਦੌਰਾਨ ਮੈਂ ਕਈ ਦਿੱਗਜ਼ ਅਤੇ ਵੱਡੇ ਨੇਤਾਵਾਂ ਦਾ ਸਾਹਮਣਾ ਕੀਤਾ, ਜਿਸ ਵਿੱਚ 2012 ਵਿੱਚ ਮੈਂ ਗਿੱਦੜਬਾਹਾ ਤੋਂ ਜਿੱਤਿਆ ਉਸਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵਰਗੇ ਨੇਤਾਵਾਂ ਨੂੰ ਉਹਨਾਂ ਦੇ ਗੜ੍ਹ ਦੇ ਵਿੱਚੋਂ ਹੀ ਹਰਾਇਆ, ਬੀਬਾ ਹਰਸਿਮਰਤ ਕੌਰ ਬਾਦਲ ਵਿਰੁੱਧ ਵੀ ਮੇਰਾ ਜ਼ੋਰਦਾਰ ਮੁਕਾਬਲਾ ਰਿਹਾ। ਮੈਂ ਕਿਤੇ ਵੀ ਡੋਲਿਆ ਨਹੀਂ ਮੇਰਾ ਇਰਾਦਾ ਹਮੇਸ਼ਾ ਪੱਕਾ ਅਤੇ ਅਡੋਲ ਰਿਹਾ। “ਲੁਧਿਆਣਾ ਵਿੱਚ ਅਗਾਮੀ ਚੁਣੌਤੀ ਦੇ ਬਾਰੇ ਗੱਲ ਕਰਦਿਆ ਵੜਿੰਗ ਨੇ ਕਿਹਾ, “ਮੈਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਿਛਲੇ ਦੋ ਸਾਲਾਂ ਵਿੱਚ ਰੱਖੀ ਗਈ ਨੀਂਹ ਉੱਤੇ ਭਰੋਸਾ ਹੈ। ਇਹ ਭਾਜਪਾ ਵਿਰੁੱਧ ਲੜਾਈ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਲੁਧਿਆਣੇ ਦੇ ਲੋਕ ਜ਼ਾਲਮ ਭਾਜਪਾ ਸ਼ਾਸਨ ਨੂੰ ਨਕਾਰ ਦੇਣਗੇ, ਸਾਡੀ ਸੰਸਦ ਵਿੱਚ ਗੱਦਾਰੀ ਲਈ ਕੋਈ ਥਾਂ ਨਹੀਂ ਹੈ। ਮੇਰੀ ਦੋ ਸਾਲਾਂ ਵਿੱਚ ਕੀਤੀ ਮਿਹਨਤ 4 ਜੂਨ ਨੂੰ ਰੰਗ ਵਿਖਾਉਣ ਲਈ ਤਿਆਰ ਹੈ ਤੇ ਮੈਂ ਲੁਧਿਆਣਾ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਵਚਨਬੱਧ ਹਾਂ । ਲੁਧਿਆਣੇ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ ‘ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਵੜਿੰਗ ਨੇ ਕਿਹਾ ਕਿ, “ਮੈਂ ਮਲਿਕਾਅਰਜੁਨ ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਵੱਲੋਂ ਮੇਰੇ ਉੱਤੇ ਅਟੁੱਟ ਭਰੋਸਾ ਜਤਾਉਣ ਲਈ ਅਤੇ ਮੈਨੂੰ ਇੱਕ ਦਲਬਦਲੀ ਕਰਨ ਵਾਲੇ ਨੇਤਾ ਦੇ ਵਿਰੁੱਧ ਖੜ੍ਹਾ ਕਰਨ ਲਈ ਧੰਨਵਾਦੀ ਹਾਂ, ਜਿਸਨੇ ਸਿਰਫ਼ ਸਿਆਸੀ ਲਾਹਾ ਲੈਣ ਲਈ ਆਰ.ਐਸ.ਐਸ ਦੀ ਵਿਚਾਰਧਾਰਾ ਦੇ ਹੱਕ ਵਿੱਚ ਕਾਂਗਰਸ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਧੋਖਾ ਦਿੱਤਾ। ਲੁਧਿਆਣੇ ਦੀ ਸੀਟ ਤੇ ਇਹ ਲੜਾਈ ਧੋਖੇ ਅਤੇ ਵਫ਼ਾਦਾਰੀ ਵਿਚਾਲੇ ਹੋਣ ਵਾਲੀ ਲੜਾਈ ਸਿੱਧ ਹੋਵੇਗੀ। ਇਸ ਲੜਾਈ ਵਿੱਚ ਪੰਜਾਬ ਪ੍ਰਤੀ ਵਫ਼ਾਦਾਰੀ ਰੱਖਣ ਵਾਲੀ ਕਾਂਗਰਸ ਨੂੰ ਇੱਕ ਸ਼ਾਨਦਾਰ ਜਿੱਤ ਮਿਲੇਗੀ।”