ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੈਡਿੰਗ ਨੇ ਆਪਣੇ ਵਿਵਾਦਿਤ ਬਿਆਨ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜਾਣੇ-ਅਣਜਾਣੇ ‘ਚ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮੁਆਫੀ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਸੀ। ਹਾਲਾਂਕਿ ਪਹਿਲਾਂ ਇਸ ਬਿਆਨ ਦੀ ਨਿੰਦਾ ਹੋ ਰਹੀ ਸੀ। ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਦੇ ਬਿਆਨ ਦੀ ਨਿਖੇਧੀ ਕੀਤੀ ਸੀ। ਨਾਲ ਹੀ ਕਿਹਾ ਕਿ ਉਸ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ‘ਚ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਕਤ ਮਾਮਲੇ ਵਿੱਚ ਵੜਿੰਗ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਇਕ ਮੀਟਿੰਗ ਦੌਰਾਨ ਵਿਵਾਦਿਤ ਬਿਆਨ ਦਿੱਤਾ ਸੀ। ਅੰਮ੍ਰਿਤਾ ਵੜਿੰਗ ਦੇ ਚੋਣ ਨਿਸ਼ਾਨ ਨੂੰ ਲੈ ਕੇ ਉਨ੍ਹਾਂ ਬਿਆਨ ਦਿੱਤਾ ਸੀ ਕਿ ”ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ ਤੇ ਕਾਂਗਰਸ ਨੇ ਵੀ ਪੰਜਾ ਚੁਣਿਆ”, ਜਿਸ ਕਾਰਨ ਲੋਕਾਂ ‘ਚ ਗੁੱਸਾ ਸੀ। ਅੰਮ੍ਰਿਤਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਸਿੱਖਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਲੁਧਿਆਣਾ ਲੋਕ ਸਭਾ ਸੀਟ ‘ਤੇ ਕਾਂਗਰਸ ਨੇ ਭਾਜਪਾ ‘ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਹਾਈਕਮਾਨ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਇਹ ਐਲਾਨ ਕੀਤਾ ਗਿਆ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਮਜ਼ਬੂਤ ਆਗੂ ਹਨ, ਜਿਸ ਕਾਰਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਹ ਫੈਸਲਾ ਲਿਆ ਹੈ।