ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਫੁਟਕਲ ਮਾਲ ਪਾਰਟੀ ਚੋਂ ਬਾਹਰ ਜਾ ਰਿਹਾ ਹੈ, ਦੇਸ਼ ਤੇ ਸੂਬੇ ਨੂੰ ਬਚਾਉਣ ਦੀ ਸੋਚ ਰੱਖਣ ਵਾਲਾ ਕਾਂਗਰਸ ਵਿੱਚ ਹੈ ਤੇ ਰਹੇਗਾ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਪਟਿਆਲਾ ਵਿਖੇ ਪਾਰਟੀ ਉਮੀਦਵਾਰ ਧਰਮਵੀਰ ਗਾਂਧੀ ਦੀ ਮੀਟਿੰਗ ਵਿੱਚ ਸ਼ਿਰਕਤ ਕਰਨ ਪੁੱਜੇ ਸਨ। ਗੋਲਡੀ ਵਲੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੇ ਬਾਜਵਾ ਨੇ ਕਿਹਾ ਕਿ ਦੇਸ਼ ਤੇ ਸੂਬੇ ਪ੍ਰਤੀ ਚੰਗੀ ਸੋਚ ਰੱਖਣ ਵਾਲਾ ਅੱਜ ਵੀ ਕਾਂਗਰਸ ਵਿਚ ਹੈ ਤੇ ਕੱਲ ਵੀ ਰਹੇਗਾ ਪਰ ਸੌਦੇਬਾਜੀ ਕਰਨ ਵਾਲੇ ਸਿਰਫ ਨਿੱਜੀ ਸਵਾਰਥ ਵਿਚ ਪਾਰਟੀ ਨੂੰ ਛੱਡ ਜਾਂਦੇ ਹਨ। ਬਾਜਵਾ ਨੇ ਕਿਹਾ ਗੋਲਡੀ ਦਾ ਸੰਗਰੂਰ ਸੀਟ ਤੇ ਆਪਣਾ ਦਾਅਵਾ ਕਰਨਾ ਠੀਕ ਨਹੀਂ ਹੈ ਕਿਉਂਕਿ ਹਲਕਾ ਕਿਸੇ ਦੇ ਨਿੱਜੀ ਜਾਇਦਾਦ ਨਹੀਂ, ਸਗੋਂ ਪਾਰਟੀ ਨੇ ਤੈਅ ਕਰਨਾ ਹੈ ਕਿ ਕੌਣ ਕਿਸਦਾ ਮੁਕਾਬਲਾ ਕਰ ਸਕਦਾ ਹੈ। ਉਹਨਾਂ ਕਿਹਾ ਕਿ 10 ਦਿਨ ਤੱਕ ਕਾਂਗਰਸ ਦੇ ਹੱਕ ਚ ਪ੍ਰਚਾਰ ਕਰਨ ਤੋਂ ਬਾਅਦ ਅਚਾਨਕ ਨਵਾਂ ਰਾਹ ਮਿਲਣਾ ਵੀ ਕਈ ਸਵਾਲ ਖੜੇ ਕਰਦਾ ਹੈ। ਬਾਜਵਾ ਨੇ ਦਾਅਵਾ ਕੀਤਾ ਕਿ ਇਹ ਫੇਰਬਦਲ ਪਿੱਛੇ ਵੱਡੀ ਸੌਦੇਬਾਜੀ ਹੈ, ਜਿਸਦਾ ਜਲਦ ਖੁਲਾਸਾ ਹੋਵੇਗਾ।