ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਨੇ ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਉਹ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ ਵਿਚ ਰਹਿ ਰਹੇ ਸਨ | ਉਹਨਾਂ ਦੇ ਜਾਣ ‘ਤੇ ਪੀ.ਏ.ਯੂ. ਦੇ ਸਮੁੱਚੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ| ਡਾ. ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ.ਏ.ਯੂ. ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਰਹੇ| ਡਾ. ਕੰਗ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੋਇਆ | 1968 ਵਿਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ ਡਾ. ਕੰਗ ਖੇਤੀ ਵਿਗਿਆਨ ਖੇਤਰ ਵਿਚ ਦਾਖਲ ਹੋਏ| ਉਹਨਾਂ ਨੇ 1971 ਵਿਚ ਐਡਵਰਡਜ਼ਵਿਲੇ ਦੀ ਸਾਊਦਰਨ ਇਲੀਨੋਏਸ ਯੂਨੀਵਰਸਿਟੀ ਤੋਂ ਪੌਦਾ ਜੈਨੇਟਿਕਸ ਵਿਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ| ਇਸੇ ਯੂਨੀਵਰਸਿਟੀ ਤੋਂ 1977 ਵਿਚ ਬੌਟਨੀ ਦੀ ਉਚੇਰੀ ਪੜ੍ਹਾਈ ਕੀਤੀ| ਇਸੇ ਸਾਲ ਕੋਲੰਬੀਆ ਦੀ ਮਿਸੌਰੀ ਯੂਨੀਵਰਸਿਟੀ ਤੋਂ ਪੌਦਾ ਵਿਗਿਆਨ ਦੇ ਖੇਤਰ ਵਿਚ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ|