ਜਲੰਧਰ ਜ਼ਿਲੇ ਵਿਚ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਤੇ ਵੋਟ ਪ੍ਰਤੀਸ਼ਤਤਾ ਨੂੰ 70 ਫ਼ੀਸਦੀ ਤੋਂ ਪਾਰ ਕਰਨ ਲਈ ਸ਼ੁਰੂ ਕੀਤੀ ਗਈ ਨਵੀਂ ਪਹਿਲਕਦਮੀ ਤਹਿਤ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਿੱਸੇਦਾਰੀ ਕੀਤੀ ਹੈ, ਜਿਸ ਤਹਿਤ ਵੋਟਾਂ ਵਾਲੇ ਦਿਨ ਤੇਲ ਦੀਆਂ ਕੀਮਤਾਂ ’ਤੇ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅਮਰ ਹਾਈਵੇ ਫਿਲਿੰਗ ਸਟੇਸ਼ਨ ਪਰਾਗਪੁਰ, ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਤੇ ਰੱਖਾ ਫਿਲਿੰਗ ਸਟੇਸ਼ਨ ਸੂਰਾਨੁੱਸੀ ਨੇ 1 ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਵੋਟਿੰਗ ਵਾਲੇ ਦਿਨ ਵੋਟਰ ਆਪਣੀ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਦਿਖਾ ਕੇ ਪੈਟਰੋਲ ‘ਤੇ ਛੋਟ ਪ੍ਰਾਪਤ ਕਰ ਸਕਦੇ ਹਨ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਪਾਰੀ ਵਰਗ ਦਾ ਇਹ ਵੱਡਾ ਸਵੈ-ਇੱਛੁਕ ਉਪਰਾਲਾ ਜ਼ਿਲੇ ’ਚ 70 ਫ਼ੀਸਦੀ ਤੋਂ ਵੱਧ ਵੋਟਾਂ ਪਾਉਣ ਦੇ ਟੀਚੇ ਨੂੰ ਹਾਸਲ ਕਰਨ ’ਚ ਸਹਾਈ ਸਿੱਧ ਹੋਵੇਗਾ।