ਜਲੰਧਰ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ। ਕਾਂਗਰਸ ਦੇ ਤਿੰਨ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਚੰਡੀਗੜ੍ਹ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। ਇਨ੍ਹਾਂ ਵਿਚੋਂ ਸੱਭ ਤੋਂ ਪ੍ਰਮੁੱਖ ਰਾਣਾ ਹਰਦੀਪ ਸਿੰਘ ਹਨ, ਜੋ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਨ। ਉਹ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਰਾਣਾ ਗੁਰਜੀਤ ਕਪੂਰਥਲਾ ਤੋਂ ਵਿਧਾਇਕ ਹਨ। ਕਈ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਤਿੰਨ ਸਾਬਕਾ ਕੌਂਸਲਰ ਵੀ ਭਾਜਪਾ ‘ਚ ਸ਼ਾਮਲ ਹੋ ਗਏ, ਜਿਸ ਵਿਚ ਸੱਭ ਤੋਂ ਮਹੱਤਵਪੂਰਨ ਨਾਮ ਗਰੋਵਰ ਪਰਿਵਾਰ ਦਾ ਹੈ, ਜੋ ਵੈਸਟ ਸਰਕਲ ਵਿਚ ਕੌਂਸਲਰ ਸੀ। ਕਾਂਗਰਸ ਦੇ ਸਾਬਕਾ ਕੌਂਸਲਰ ਨੀਰਜ ਜੈਨ ਅਤੇ ਲਖਬੀਰ ਬਾਜਵਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ। ਤਿੰਨ ਸਾਬਕਾ ਕੌਂਸਲਰਾਂ ਦੇ ਪਰਿਵਾਰਾਂ ਦਾ ਸ਼ਹਿਰ ਵਿਚ ਕਾਫ਼ੀ ਦਬਦਬਾ ਹੈ। ਇਸ ਨਾਲ ਭਾਜਪਾ ਨੂੰ ਕਾਫੀ ਫਾਇਦਾ ਹੋਵੇਗਾ। ਕੌਂਸਲਰਾਂ ਦਾ ਜੁਆਇਨਿੰਗ ਪ੍ਰੋਗਰਾਮ ਅੱਜ ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸਾਰਿਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਦੱਸ ਦੇਈਏ ਕਿ ਹਿੰਦੂ ਆਗੂ ਸੁਭਾਸ਼ ਗੋਰੀਆ ਵੀ ਆਪਣੇ ਸਾਥੀਆਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ।