ਹੁਸ਼ਿਆਰਪੁਰ ਖੇਤਰ ਦੇ ਦਸੂਹਾ ਦੇ ਪਿੰਡ ਕੋਲੀਆਂ ’ਚ ਇੱਕ ਵਿਅਕਤੀ ਦੀ ਲਾਸ਼ ਉਸਦੇ ਘਰ ਦੇ ਵਰਾਂਡੇ ਵਿੱਚੋਂ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ। ਜਿਸ ਨੇ ਆਪਣੇ ਪਤੀ ਦੀ ਲਾਸ਼ ਦੇਖ ਕੇ ਗੁਆਂਢੀ ਪਰਿਵਾਰ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਢਲੀ ਕਾਰਵਾਈ ਕੀਤੀ। ਮ੍ਰਿਤਕ ਵਿਅਕਤੀ ਦੀ ਪਛਾਣ 45 ਸਾਲਾ ਬੂਟੀ ਰਾਮ ਪੁੱਤਰ ਹੰਸ ਰਾਜ ਵਜੋਂ ਹੋਈ ਹੈ। ਮ੍ਰਿਤਕ ਪਿੰਡ ’ਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਮੂੰਹ ਅਤੇ ਸਿਰ ‘ਤੇ ਡੂੰਘੇ ਜ਼ਖਮਾਂ ਦੇ ਨਾਲ-ਨਾਲ ਘਰ ਦੇ ਇਕ ਖੰਭੇ ‘ਤੇ ਖੂਨ ਦੇ ਧੱਬੇ ਵੀ ਦੇਖੇ ਗਏ ਹਨ। ਇਸ ਘਟਨਾ ਨੂੰ ਕਤਲ ਦੀ ਸੰਭਾਵਨਾ ਵਜੋਂ ਦੇਖਿਆ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਉਸ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਸਬੰਧੀ ਦਸੂਹਾ ਦੇ ਉਪ ਕਪਤਾਨ ਜਗਦੀਸ਼ ਰਾਜ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਤਲ ਹੋਇਆ ਹੈ। ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਪਤਨੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ‘ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।