ਕਪੂਰਥਲਾ ਦੇ ਕਸਬਾ ਨਡਾਲਾ ‘ਚ ਇਕ ਵੱਡੇ ਭਰਾ ਨੇ ਅਪਣੇ ਛੋਟੇ ਭਰਾ ਦਾ ਕਤਲ ਕਰ ਦਿਤਾ ਅਤੇ ਲਾਸ਼ ਨੂੰ ਬੈੱਡ ‘ਚ ਲੁਕਾ ਦਿਤਾ। ਦਸਿਆ ਜਾ ਰਿਹਾ ਹੈ ਕਿ ਦੋਸ਼ੀ ਕਾਤਲ ਨੇ ਅਪਣੇ ਭਰਾ ਦਾ ਕਤਲ ਕਰਨ ਤੋਂ ਬਾਅਦ ਅਪਣੇ ਪਿਤਾ ਨੂੰ ਫੋਨ ‘ਤੇ ਸੂਚਿਤ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਭੁਲੱਥ ਅਤੇ ਸੁਭਾਨਪੁਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿਤਾ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਭੁਲੱਥ ਸੁਰਿੰਦਰ ਪਾਲ ਸਿੰਘ ਨੇ ਦਸਿਆ ਕਿ ਕਤਲ ਦੇ ਦੋਸ਼ੀ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਅਤੇ 201 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀ ਦੀ ਭਾਲ ਵੀ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਮੁਤਾਬਕ ਨਡਾਲਾ ਦੀ ਹਿੰਮਤ ਸਿੰਘ ਕਲੋਨੀ ‘ਚ ਅਜੀਤ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ। ਉਸ ਦੇ ਦੋ ਪੁੱਤਰ ਕੁਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ। ਪਿਤਾ ਅਜੀਤ ਸਿੰਘ ਜ਼ੀਰਕਪੁਰ ਦੀ ਇਕ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਹਨ। ਦੋਵੇਂ ਭਰਾ ਕੁਲਵਿੰਦਰ ਸਿੰਘ (26) ਅਤੇ ਸੁਖਵਿੰਦਰ ਸਿੰਘ (22) ਨਸ਼ੇ ਦੇ ਆਦੀ ਸਨ। ਨਸ਼ੇ ਦੀ ਪੂਰਤੀ ਲਈ ਦੋਵਾਂ ਨੇ ਹੌਲੀ-ਹੌਲੀ ਘਰ ਦਾ ਸਾਰਾ ਸਾਮਾਨ ਵੇਚ ਦਿਤਾ। ਇਸ ਤੋਂ ਬਾਅਦ ਅਜੀਤ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੁਭਾਨਪੁਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੁਖਵਿੰਦਰ ਸਿੰਘ ਦੀ ਲਾਸ਼ ਘਰ ਦੇ ਬਾਕਸ ਬੈੱਡ ਤੋਂ ਬਰਾਮਦ ਕੀਤੀ। ਡੀਐਸਪੀ ਸੁਰਿੰਦਰ ਪਾਲ ਸਿੰਘ ਨੇ ਇਹ ਵੀ ਦਸਿਆ ਕਿ ਮੁਲਜ਼ਮ ਦਾ ਮੋਬਾਈਲ ਵੀ ਬੰਦ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਅਜੀਤ ਸਿੰਘ ਦੇ ਬਿਆਨਾਂ ‘ਤੇ ਮੁਲਜ਼ਮ ਕੁਲਵਿੰਦਰ ਸਿੰਘ ਖਿਲਾਫ ਧਾਰਾ 302, 201 ਆਈਪੀਸੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।