ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਫਤਰ ’ਚ ਤਾਇਨਾਤ ਰਿਕਾਰਡਕੀਪਰ ਚਰਨਜੀਤ ਸਿੰਘ ਨੇ ਤੇਜ਼ਾਬ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਮਗਰੋਂ ਹਸਪਤਾਲ ‘ਚ ਉਸਦੀ ਮੌਤ ਹੋ ਗਈ। ਇਸ ਮੌਕੇ ਐੱਸਐੱਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੀ ਪਤਨੀ ਸਿਮਰਜੀਤ ਕੌਰ ਦੇ ਕਹਿਣ ’ਤੇ ਕਾਰਵਾਈ ਆਰੰਭੀ ਗਈ ਹੈ। ਸਿਮਰਜੀਤ ਕੌਰ ਨੇ ਚਰਨਜੀਤ ਸਿੰਘ ਨੂੰ ਤੰਗ-ਪਰੇਸ਼ਾਨ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸੁਪਰਵਾਈਜ਼ਰ ਸੁਖਵੰਤ ਸਿੰਘ ਪਰਵਾਨਾ ਤੇ ਸਹਾਇਕ ਅਕਾਊਂਟੈਂਟ ਹਰਪਾਲ ਸਿੰਘ ਦਾ ਨਾਂ ਲਿਆ ਹੈ। ਐੱਸਐੱਚਓ ਸਰਬਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਤਿੰਨਾਂ ਨੂੰ ਥਾਣੇ ’ਚ ਪੁੁੱਛ-ਪੜਤਾਲ ਲਈ ਬੁਲਾਇਆ ਗਿਆ ਹੈ। ਇਹ ਮਾਮਲਾ ਤਾਰਾਂ ਵਾਲੇ ਪੁਲ ਦਾ ਹੈ, ਜਿੱਥੇ ਚਰਨਜੀਤ ਸਿੰਘ ਨੇ ਤੇਜ਼ਾਬ ਪੀ ਲਿਆ ਸੀ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਨੇ ਬਿਆਨ ਦਿੱਤੇ ਹਨ ਕਿ ਐੱਸਜੀਪੀਸੀ ਦੇ ਉਪਰੋਕਤ ਮੁਲਾਜ਼ਮ ਚਰਨਜੀਤ ਸਿੰਘ ਨੂੰ ਪਰੇਸ਼ਾਨ ਕਰ ਰਹੇ ਸਨ। ਮੁਕੰਮਲ ਤਫਤੀਸ਼ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੇ ਪਰੇਸ਼ਾਨੀ ਕਾਰਨ ਪਹਿਲਾਂ ਚਰਨਜੀਤ ਸਿੰਘ ਸ਼ੁੱਕਰਵਾਰ 3 ਮਈ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਨ੍ਹਾਂ ਪੰਜ ਦਿਨ ਦੀ ਦਫਤਰ ਛੁੱਟੀ ਭੇਜੀ ਸੀ ਪਰ ਫਿਰ ਵੀ ਮੈਨੇਜਰ ਦੇ ਕਹਿਣ ’ਤੇ ਉਪਰੋਕਤ ਮੁਲਾਜ਼ਮ ਉਨ੍ਹਾਂ ਨੂੰ ਫੋਨ ਕਰ ਕੇ ਪਰੇਸ਼ਾਨ ਕਰ ਰਹੇ ਸਨ। ਅਖੀਰ 4 ਮਈ ਨੂੰ ਸੁਖਵੰਤ ਸਿੰਘ ਪਰਵਾਨਾ ਤੇ ਹਰਪਾਲ ਸਿੰਘ ਉਨ੍ਹਾਂ ਦੇ ਘਰ ਆਏ ਅਤੇ ਚਰਨਜੀਤ ਸਿੰਘ ਨਾਲ ਕਿਸੇ ਜਾਂਚ ਪੜਤਾਲ ਸਬੰਧੀ ਗੱਲਬਾਤ ਕਰਨ ਲੱਗੇ। ਦੋਵਾਂ ਨੇ ਚਰਨਜੀਤ ਸਿੰਘ ਨਾਲ ਵਾਧੂ-ਘਾਟੂ ਸ਼ਬਦ ਵੀ ਬੋਲੇ, ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਵਿਚ ਵੀਡੀਓ ਤੇ ਆਡੀਓ ਸਮੇਤ ਰਿਕਾਰਡ ਹੋਈ ਹੈ। ਇਸ ਸਬੰਧੀ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਨ੍ਹਾਂ ਦੇ ਸਾਥੀ ਕਰਮਚਾਰੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਖੰਡ ਪਾਠੀ ਦੀ ਨਿਯੁਕਤੀ ਨੂੰ ਲੈ ਕੇ ਜਾਂਚ ਪੜਤਾਲ ਚੱਲ ਰਹੀ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਲਈ ਰੱਖੇ ਜਾਂਦੇ ਆਖੰਡ ਪਾਠੀਆਂ ਵਿਚ ਦਿਲਬਾਗ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਜਾਂਚ ਪੜਤਾਲ ਚੱਲ ਰਹੀ ਸੀ ਜਿਸ ਸਬੰਧੀ ਰਿਕਾਰਡਕੀਪਰ ਚਰਨਜੀਤ ਸਿੰਘ ਪਾਸੋਂ ਮੈਨੇਜਰ ਭਗਵੰਤ ਸਿੰਘ ਧੰਗੇੜਾ ਦੇ ਆਦੇਸ਼ ’ਤੇ ਸੁਪਰਵਾਈਜ਼ਰ ਸੁਖਵੰਤ ਸਿੰਘ ਪਰਵਾਨਾ ਤੇ ਸਹਾਇਕ ਅਕਾਊਂਟੈਂਟ ਹਰਪਾਲ ਸਿੰਘ ਜਾਂਚ ਪੜਤਾਲ ਕਰ ਰਹੇ ਸਨ।