ਸਿਰ ‘ਤੇ ਦਸਤਾਰ ਸਜਾ ਕੇ ਗੁਰਦੁਆਰਾ ਪਟਨਾ ਸਾਹਿਬ ਵਿਖੇ ਪਹੁੰਚੇ PM ਮੋਦੀ, ਸੰਗਤਾਂ ਨੂੰ ਵਰਤਾਇਆ ਲੰਗਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਸੋਮਵਾਰ ਸਵੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਵਿਖੇ ਪੁੱਜੇ ਅਤੇ ਉਨ੍ਹਾਂ ਦੀ ਹਾਜ਼ਰੀ ਭਰੀ। ਪ੍ਰਧਾਨ ਮੰਤਰੀ ਨੇ ਇੱਥੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇੱਥੇ ਪ੍ਰਸ਼ਾਦ ਖਾਣ ਤੋਂ ਬਾਅਦ PM ਲੰਗਰ ਵਾਲੀ ਜਗ੍ਹਾ ‘ਤੇ ਗਏ ਅਤੇ ਉੱਥੇ ਉਨ੍ਹਾਂ ਨੇ ਖਾਣਾ ਪਕਾਇਆ। ਪ੍ਰਧਾਨ ਮੰਤਰੀ ਨੇ ਆਪਣੇ ਹੱਥੀਂ ਲੋਕਾਂ ਨੂੰ ਲੰਗਰ ਵਰਤਾਇਆ।ਪ੍ਰਧਾਨ ਮੰਤਰੀ ਨੇ ਸਿਰ ‘ਤੇ ਭਗਵੇਂ ਰੰਗ ਦੀ ਦਸਤਾਰ ਬੰਨ੍ਹੀ ਹੋਈ ਸੀ। ਉਹ ਕਰੀਬ 20 ਮਿੰਟ ਤੱਕ ਗੁਰਦੁਆਰੇ ਵਿੱਚ ਰਹੇ। ਰਵੀ ਸ਼ੰਕਰ ਪ੍ਰਸਾਦ ਅਤੇ ਅਸ਼ਵਿਨੀ ਚੌਬੇ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਗੁਰੂਘਰ ਦੀ ਸ਼ਾਨ ਅਨੁਸਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਭਾਜਪਾ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਪੀਐਮ ਮੋਦੀ ਨੇ ਲੰਗਰ ਪ੍ਰਸ਼ਾਦ ਅਤੇ ਰੋਟੀਆਂ ਤਿਆਰ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਹਥਿਆਰ ਦੇਖੇ ਅਤੇ ਸ਼ਬਦ ਸੁਣੇ। ਲੋਕਾਂ ਨੂੰ ਮਿਲੇ ਅਤੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ।ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਜੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਪਟਨਾ ‘ਚ ਰੋਡ ਸ਼ੋਅ ਕੀਤਾ ਸੀ। ਉਹ ਐਤਵਾਰ ਰਾਤ ਰਾਜ ਭਵਨ ਵਿੱਚ ਰੁਕੇ। ਸੋਮਵਾਰ ਨੂੰ ਉਨ੍ਹਾਂ ਦਾ ਹਾਜੀਪੁਰ, ਮੁਜ਼ੱਫਰਪੁਰ ਅਤੇ ਸਾਰਨ ‘ਚ ਚੋਣ ਪ੍ਰੋਗਰਾਮ ਹਨ।

Leave a Reply

Your email address will not be published. Required fields are marked *