ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਉਲਟ, ਕਾਂਗਰਸ ਦਾ ਲੋਕ ਭਲਾਈ ਸਕੀਮਾਂ ਸ਼ੁਰੂ ਕਰਨ ਦਾ ਮਜ਼ਬੂਤ ਰਿਕਾਰਡ ਹੈ। ਜਿਸ ਦਾ ਸਿੱਧਾ ਲਾਭ ਗਰੀਬਾਂ ਅਤੇ ਲੋੜਵੰਦਾਂ ਨੂੰ ਹੁੰਦਾ ਹੈ। ਇੱਥੇ ਆਪਣੇ ਚੋਣ ਪ੍ਰਚਾਰ ਦੌਰਾਨ ਕਈ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ”ਗਰੀਬੀ ਮੁਕਤ ਯੋਜਨਾ” ਦਾ ਵਾਅਦਾ ਕੀਤਾ ਹੈ, ਜਿਸ ਤਹਿਤ ਹਰ ਗਰੀਬ ਪਰਿਵਾਰ, ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ, ਚਾਹੇ ਉਹ ਦਲਿਤ, ਪਛੜੀ ਜਾਂ ਆਮ ਜਾਤੀ ਦਾ ਗਰੀਬ ਹੋਵੇ, ਨੂੰ ਹਰ ਮਹੀਨੇ 8500 ਰੁਪਏ ਮਿਲਣਗੇ। ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਮੁੱਖ ਮੁਕਾਬਲਾ ਕਿਸ ਨਾਲ ਹੈ, ਤਾਂ ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਅਸਲ ਵਿੱਚ ਕੋਈ ਮੁਕਾਬਲਾ ਮਹਿਸੂਸ ਨਹੀਂ ਹੋਇਆ, ਕਿਉਂਕਿ ਕਾਂਗਰਸ ਦੂਜਿਆਂ ਨਾਲੋਂ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਇਕ ਕਾਰਨ ਹੈ ਕਿ ਕਾਂਗਰਸ ਸ਼ਹਿਰੀ ਜਾਂ ਪੇਂਡੂ, ਸਾਰੇ ਖੇਤਰਾਂ ਵਿੱਚ ਫੈਲੀ ਹੋਈ ਹੈ ਅਤੇ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਲਈ ਸਵੀਕਾਰਯੋਗ ਹੈ। ਉਹ ਭਾਜਪਾ, ਅਕਾਲੀ ਦਲ ਅਤੇ ‘ਆਪ’ ਵਰਗੀ ਕੋਈ ਧਾਰਮਿਕ, ਫੁੱਟ ਪਾਊ ਜਾਂ ਗੁੰਮਰਾਹਕੁੰਨ ਸਿਆਸਤ ਨਹੀਂ ਕਰਦੀ। ਸੂਬਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਆਪਣੇ 22 ਅਰਬਪਤੀ ਦੋਸਤਾਂ ਦੇ 16 ਲੱਖ ਕਰੋੜ ਰੁਪਏ ਦੇ ਬੈਂਕ ਕਰਜ਼ੇ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਰਕਮ ਆਮ ਆਦਮੀ ਲਈ ਕਲਪਨਾਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਨਕਦ ਲਾਭ ਦੇਣ ਨਾਲ ਉਨ੍ਹਾਂ ਦੀ ਸਿੱਧੀ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ 2004 ਤੋਂ 2014 ਤੱਕ ਯੂ.ਪੀ.ਏ ਸਰਕਾਰ ਦੌਰਾਨ ਕਾਂਗਰਸ ਨੇ ਮਨਰੇਗਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਵਰਗੀਆਂ ਕਈ ਭਲਾਈ ਸਕੀਮਾਂ ਲਿਆਂਦੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 80 ਕਰੋੜ ਲੋਕਾਂ ਨੂੰ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਖੁਰਾਕ ਸੁਰੱਖਿਆ ਕਾਨੂੰਨ ਦਾ ਨਤੀਜਾ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮਨਰੇਗਾ ਨੇ ਪੇਂਡੂ ਖੇਤਰਾਂ ਵਿੱਚ ਹਰ ਰੋਜ਼ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ ਅਤੇ ਗਰੀਬਾਂ ਨੂੰ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਕੀਤੀ ਹੈ। ਵੜਿੰਗ ਨੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ 8500 ਰੁਪਏ ਦੀ ਸਿੱਧੀ ਵਿੱਤੀ ਸਹਾਇਤਾ ਗਰੀਬੀ ਹਟਾਉਣ ਲਈ ਇੱਕ ਹੋਰ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗੀ। ਸੂਬਾ ਪ੍ਰਧਾਨ ਨੇ ਕਿਹਾ ਕਿ ‘ਆਪ’ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੀ ਹਰ ਔਰਤ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੀ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੇ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਅਤੇ ਤੇਲੰਗਾਨਾ ਦੀਆਂ ਕਾਂਗਰਸ ਸਰਕਾਰਾਂ ਨੇ ਸੱਤਾ ਸੰਭਾਲਣ ਦੇ ਦਿਨਾਂ ਵਿੱਚ ਹੀ ਅਜਿਹੇ ਵਾਅਦੇ ਪੂਰੇ ਕਰ ਦਿਤੇ ਸਨ। ਜਿਸ ‘ਤੇ ਵੜਿੰਗ ਨੇ ਭਾਜਪਾ ਨੂੰ ਕਿਹਾ ਕਿ ਉਹ ਦਸ ਸਾਲਾਂ ਤੋਂ ਸੱਤਾ ‘ਚ ਹੈ ਅਤੇ ਉਸਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੇ ਭਾਜਪਾ ਨੂੰ ਕਿਹਾ, ”ਸਾਡੇ ਨਾਲ ਵਾਅਦਾ ਨਾ ਕਰੋ ਕਿ ਤੁਸੀਂ ਕੀ ਕਰਨ ਜਾ ਰਹੇ ਹੋ, ਸਾਨੂੰ ਦੱਸੋ ਕਿ ਤੁਸੀਂ ਪਿਛਲੇ 10 ਸਾਲਾਂ ‘ਚ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਉਸਦੇ ‘ਜੁਮਲਿਆਂ’ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਕੋਝੀਆਂ ਚਾਲਾਂ ਵਿੱਚ ਨਹੀਂ ਫਸਣਗੇ।