ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਕਾਂਗਰਸ ‘ਚ ਹੋਏ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਅਤੇ ਸੇਵਾਮੁਕਤ ਐੱਸਐੱਮਓ ਡਾ. ਮਨੋਹਰ ਸਿੰਘ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਕਾਫੀ ਸਮੇਂ ਤੋਂ ਇਹ ਚਰਚਾ ਸੀ ਕਿ ਡਾ. ਮਨੋਹਰ ਕਿਸੇ ਵੱਡੀ ਪਾਰਟੀ ਨਾਲ ਜੁੜ ਕੇ ਅਪਣਾ ਸਿਆਸੀ ਸਫਰ ਅੱਗੇ ਵਧਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਸੀ ਪਰ ਡਾ. ਮਨੋਹਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਹੋ ਕੇ ਸਾਰੀਆਂ ਚਰਚਾਵਾਂ ਨੂੰ ਖ਼ਤਮ ਕਰ ਦਿਤਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਮਨੋਹਰ ਸਿੰਘ ਨੇ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਤੋਂ 2022 ਵਿਚ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਸੀ। ਉਨ੍ਹਾਂ ਨੂੰ 13796 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਜੀਪੀ ਨੇ ਕਾਂਗਰਸ ਛੱਡਣ ਦਾ ਕਾਰਨ ਇਹ ਵੀ ਦਸਿਆ ਸੀ ਕਿ ਚੰਨੀ ਨੇ ਅਪਣੇ ਭਰਾ ਨੂੰ ਚੋਣ ਲੜਨ ਲਈ ਮੈਦਾਨ ਵਿਚ ਉਤਾਰਿਆ ਸੀ ਅਤੇ ਕਾਂਗਰਸ ਹਾਈਕਮਾਂਡ ਨੇ ਕੋਈ ਕਾਰਵਾਈ ਨਹੀਂ ਕੀਤੀ। ਡਾ ਮਨੋਹਰ ਸਿੰਘ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਚਰਚਾ ਹੈ ਕਿ ਉਹ ਬੱਸੀ ਪਠਾਣਾ ਹਲਕੇ ਦੀ ਵਾਗਡੋਰ ਸੰਭਾਲਣਗੇ ਕਿਉਂਕਿ ਗੁਰਪ੍ਰੀਤ ਸਿੰਘ ਜੀਪੀ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੇ ਇਥੇ ਕਿਸੇ ਨੂੰ ਵੀ ਇੰਚਾਰਜ ਨਹੀਂ ਲਾਇਆ। ਕਿਸੇ ਹੋਰ ਆਗੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਨਹੀਂ ਦਿਤੀ ਗਈ। ਮੰਨਿਆ ਜਾ ਰਿਹਾ ਹੈ ਕਿ ਹੁਣ ਡਾ. ਮਨੋਹਰ ਸਿੰਘ ਇਸ ਹਲਕੇ ਵਿਚ ਕਾਂਗਰਸ ਦਾ ਪ੍ਰਚਾਰ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅਪਣਾ ਸਿਆਸੀ ਮੈਦਾਨ ਤਿਆਰ ਕਰਨਗੇ|

Leave a Reply

Your email address will not be published. Required fields are marked *