ਨਕੋਦਰ ਜਲੰਧਰ ਮੁੱਖ ਮਾਰਗ ‘ਤੇ ਸਥਿਤ ਕੰਗ ਸਾਹਬੂ ਦੇ ਪੈਟਰੋਲ ਪੰਪ ਇੰਦਰਜੀਤ ਹਾਈਵੇ ‘ਤੇ ਬੀਤੀ ਰਾਤ 11.50 ਵਜੇ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕਰਿੰਦਿਆਂ ਕੋਲੋਂ 20 ਹਜ਼ਾਰ ਦੀ ਨਕਦੀ ਖੋਹ ਲਈ ਤੇ ਫਰਾਰ ਹੋ ਗਏ। ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਸੁਰਜੀਤ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 11.50 ਵਜੇ ਦੋ ਲੁਟੇਰੇ ਜਿਨ੍ਹਾਂ ਦੇ ਮੂੰਹ ਬੰਨੇ੍ਹ ਹੋਏ ਸਨ ਤੇ ਕੈਪਰੀਆਂ ਤੇ ਚੱਪਲਾਂ ਪਾਈਆਂ ਹੋਈਆਂ ਸਨ ਤੇ ਬਿਨਾਂ ਨੰਬਰੀ ਐਕਟਿਵਾ ‘ਤੇ ਪੈਟਰੋਲ ਪੰਪ ‘ਤੇ ਆਏ ਤੇ ਉਨ੍ਹਾਂ ਨੇ ਪਿਸਤੌਲ ਦੇ ਜ਼ੋਰ ‘ਤੇ ਕਰਿੰਦਿਆਂ ਕੋਲੋਂ 20 ਹਜ਼ਾਰ ਦੀ ਨਕਦੀ ਖੋਹ ਲਈ ਤੇ ਧਮਕੀ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਘਟਨਾ ਸੀਸੀਟੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਸੁਰਜੀਤ ਗੁਪਤਾ ਨੇ ਦੱਸਿਆ ਕਿ ਪਹਿਲਾਂ ਵੀ ਲੁਟੇਰਿਆਂ ਵੱਲੋਂ ਦੋ ਤਿੰਨ ਵਾਰ ਪੈਟਰੋਲ ਪੰਪ ਉੱਪਰ ਵਾਰਦਾਤਾਂ ਕੀਤੀਆਂ ਜਾ ਚੁੱਕੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ‘ਤੇ ਵੀ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਤੋਂ ਕਈ ਵਾਰ ਸੁਰੱਖਿਆ ਦੀ ਮੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਰਾਤ ਵੇਲੇ ਪੈਟਰੋਲ ਪੰਪ ‘ਤੇ ਸੁਰੱਖਿਆ ਦਿੱਤੀ ਜਾਵੇ। ਇਸ ਵਾਰਦਾਤ ਦੀ ਘਟਨਾ ਦੀ ਸੂਚਨਾ ਨਕੋਦਰ ਪੁਲਿਸ ਨੂੰ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਜਦੋਂ ਐੱਸਐੱਚਓ ਨਕੋਦਰ ਇੰਸਪੈਕਟਰ ਜੈਪਾਲ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤੇ ਪੀਸੀਆਰ ਟੀਮਾਂ ਵੀ ਇਸ ‘ਤੇ ਕੰਮ ਕਰ ਰਹੀਆਂ ਹਨ। ਸੁਰੱਖਿਆ ਸਬੰਧੀ ਪੁੱਛਣ ‘ਤੇ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰੀ ਤੌਰ ‘ਤੇ ਕੋਈ ਵੀ ਸੁਰੱਖਿਆ ਨਹੀਂ ਦਿੱਤੀ ਜਾਂਦੀ ਬਲਕਿ ਪੰਪ ਦੇ ਮਾਲਕਾਂ ਨੂੰ ਨਿੱਜੀ ਸੁਰੱਖਿਆ ਮੁਲਾਜ਼ਮ ਰੱਖਣੇ ਚਾਹੀਦੇ ਹਨ।