ਪਿੰਡ ਭੋਜੇਮਾਜਰਾ ਵਿਖੇ ਬੀਤੀ ਰਾਤ ਪਿੰਡ ਦੇ ਇਕ ਨੌਜਵਾਨ ਨੇ ਪੁਰਾਣੀ ਰੰਜਿਸ਼ ਕਾਰਨ ਸਾਬਕਾ ਸਰਪੰਚ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਵਿਚ ਸਾਬਕਾ ਸਰਪੰਚ ਜਸਪਾਲ ਸਿੰਘ, ਉਸਦੀ ਪਤਨੀ ਜਸਪਾਲ ਕੌਰ ਤੇ ਕੈਨੇਡਾ ਤੋਂ ਆਈ 12 ਵਰਿ੍ਹਆਂ ਦੀ ਪੋਤਰੀ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ, ਜਿਨਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਅਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਜਨਰਲ ਹਸਪਤਾਲ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਧਰ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਐੱਸਆਈ ਸੁਰਜੀਤ ਸਿੰਘ ਅਨੁਸਾਰ ਹਮਲਵਰ ਨੇ ਤੇਜ਼ਧਾਰ ਕਿਰਚ ਨਾਲ ਐਤਵਾਰ ਨੂੰ ਦੇਰ ਸ਼ਾਮ ਹਮਲਾ ਕੀਤਾ, ਜਿਸ ਵਿਚ ਸਾਬਕਾ ਸਰਪੰਚ, ਉਸਦੀ ਪਤਨੀ ਤੇ ਦੋਹਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਨੌਜਵਾਨ ਹਰਪ੍ਰਰੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਭੋਜੇਮਾਜਰਾ ਨੂੰ ਸਾਬਕਾ ਸਰਪੰਚ ਜਸਪਾਲ ਦੇ ਘਰ ‘ਤੇ ਹਮਲੇ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਕਾਬੂ ਕਰ ਕੇ ਉਸ ਦੀ ਵੀ ਕੁੱਟਮਾਰ ਕੀਤੇ ਜਾਣ ਬਾਰੇ ਪਤਾ ਲੱਗਾ ਹੈ। ਇਸ ਹਮਲੇ ਕਾਰਨ ਘਰ ਵਿਚ ਮਚੇ ਚੀਕ-ਚਿਹਾੜੇ ਨੂੰ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਸਾਬਕਾ ਸਰਪੰਚ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਪਹੁੰਚਾਇਆ, ਜਦਕਿ ਕਾਬੂ ਕੀਤੇ ਨੌਜਵਾਨ ਨੂੰ ਪੁਲਿਸ ਨੇ ਛੁਡਵਾ ਕੇ ਰੂਪਨਗਰ ਦੇ ਹਸਪਤਾਲ ਦਾਖਲ ਕਰਵਾਇਆ। ਪਿੰਡ ਵਾਸੀਆਂ ਅਨੁਸਾਰ ਸਰਕਾਰੀ ਐਂਬੂਲੈਂਸ ਲਈ ਕਈ ਵਾਰ ਫੋਨ ਕਰਨ ਦੇ ਬਾਵਜੂਦ ਐਂਬੂਲੈਂਸ ਨਹੀਂ ਮਿਲੀ, ਜਿਸ ਕਾਰਨ ਲੋਕਾਂ ‘ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਸ੍ਰੀ ਚਮਕੌਰ ਸਾਹਿਬ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਜਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।