ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿਚ ਚੋਣ ਰੈਲੀ ਅੱਜ ਸ਼ਾਮ 4 ਵਜੇ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਹਜ਼ਾਰਾਂ ਲੋਕਾਂ ਦੇ ਪਹੁੰਚਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾ ਦੇ ਆਖਰੀ ਦੌਰ ਦੀ ਵੋਟਿੰਗ 1 ਜੂਨ ਨੂੰ ਹੋ ਰਹੀ ਹੈ। ਉਸ ਦਿਨ ਪੰਜਾਬ ਦੇ ਵੋਟਰ ਤੈਅ ਕਰਨਗੇ ਕਿ ਉਹ ਕਿਸ ਪਾਰਟੀ ਨੂੰ ਵੋਟ ਪਾਉਣਗੇ। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਪੰਜਾਬ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਲੋਕ ਸਭਾ ਚੋਣਾ ਲਈ ਕਾਂਗਰਸ ਵਲੋਂ ਮੀਰਕੋਟ ਚੌਕ ਅੰਮ੍ਰਿਤਸਰ ਵਿਖੇ ਰੈਲੀ ਵਿਚ ਰਾਹੁਲ ਗਾਂਧੀ ਸੰਬੋਧਨ ਕਰਨਗੇ। ਇਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਕਿਹਾ ਕਿ ਇਹ ਰੈਲੀ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੇਂ ਵੱਡੀ ਗਿਣਤੀ ਵਿਚ ਪਹੁੰਚਣ ਅਤੇ ਰਾਹੁਲ ਗਾਂਧੀ ਦੇ ਵਿਚਾਰ ਸੁਣਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਾਣਦੇ ਹਨ ਕਿ ਲੋਕਾਂ ਦੇ ਦਿਲਾਂ ਵਿਚ ਕੀ ਹੈ ਅਤੇ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਅਤੇ ਕਾਂਗਰਸ ਦਾ ਸਮਰਥਨ ਕਰਨ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਆਗੂ ਹਰੀਸ਼ ਚੌਧਰੀ, ਡਾ. ਰਾਜ ਕੁਮਾਰ ਵੇਰਕਾ, ਸੁਖਜਿੰਦਰ ਸਿੰਘ ਸੁੱਖ ਔਜਲਾ ਤੇ ਹੋਰ ਆਗੂ ਮੌਜੂਦ ਸਨ।