‘ਔਰਤਾਂ ਨੂੰ 1000 ਨਹੀਂ, ਦਿਆਂਗੇ 1100 ਰੁਪਏ’- CM ਮਾਨ ਨੇ ਕਰ ਦਿੱਤਾ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਲਈ ਅੱਜ ਸੰਗਰੂਰ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਧੂਰੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਦੀ ਵੀ ਗੱਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ‘ਤੇ ਲਗਾਤਾਰ ਕੰਮ ਕਰ ਰਹੇ ਹਨ ਅਤੇ ਜਲਦ ਹੀ ਆਪਣਾ ਵਾਅਦਾ ਪੂਰਾ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤਾਂ ਨੂੰ ਨਹਿਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਸ ਨਾਲ ਟਿਊਬਵੈੱਲ ਬੰਦ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ 70 ਫੀਸਦੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ 14.5 ਲੱਖ ਟਿਊਬਵੈੱਲਾਂ ਵਿੱਚੋਂ 5 ਲੱਖ ਦੇ ਕਰੀਬ ਟਿਊਬਵੈੱਲ ਬੰਦ ਹੋ ਜਾਣਗੇ। ਸਰਕਾਰ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਬਸਿਡੀ ਲਈ 18 ਹਜ਼ਾਰ ਕਰੋੜ ਰੁਪਏ ਦਿੰਦੀ ਹੈ। CM ਮਾਨ ਨੇ ਕਿਹਾ ਕਿ ਜੇਕਰ 5 ਲੱਖ ਟਿਊਬਵੈੱਲ ਬੰਦ ਹੋ ਜਾਣ ਤਾਂ 6-7 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਵੇਗੀ, ਜਿਸ ‘ਚੋਂ ਮਾਵਾਂ-ਭੈਣਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਹੋਵੇਗਾ ਅਤੇ ਹੁਣ 1000 ਰੁਪਏ ਦੀ ਬਜਾਏ 1100 ਰੁਪਏ ਦਿਆਂਗੇ ਕਿ ਇੱਕ ਵਾਰ ਜਦੋਂ ਤੁਹਾਡੇ ਖਾਤੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਕਦੇ ਨਹੀਂ ਰੁਕੇਗਾ। ਜੇਕਰ ਅਸੀਂ ਤੁਰੰਤ ਅਜਿਹਾ ਕਰਨਾ ਹੁੰਦਾ ਤਾਂ ਅਸੀਂ ਇਸ ਸਕੀਮ ਨੂੰ ਚੋਣਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਸਕਦੇ ਸੀ ਅਤੇ ਚੋਣਾਂ ਤੋਂ ਬਾਅਦ ਇਸ ਨੂੰ ਬੰਦ ਕਰ ਸਕਦੇ ਸੀ, ਜਿਵੇਂਕਿ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ। ਪਰ ਇੱਕ ਵਾਰ ਜਦੋਂ ਅਸੀਂ ਇਸ ਸਕੀਮ ਨੂੰ ਸ਼ੁਰੂ ਕਰਾਂਗੇ ਤਾਂ ਇਹ ਬੰਦ ਨਹੀਂ ਹੋਵੇਗੀ।

Leave a Reply

Your email address will not be published. Required fields are marked *