ਖਡੂਰ ਸਾਹਿਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਵੱਡਾ ਫਤਵਾ ,114995 ਵੋਟਾਂ ਨਾਲ ਅੱਗੇ

ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ ,ਕਿਉਂਕਿ ਉਹ 114995 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਚੱਲ ਰਹੇ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਇਸ ਸੀਟ ‘ਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 265464 , ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 150469 ,ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਨੂੰ 135441,ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ 59377 ਅਤੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੂੰ 58357 ਵੋਟਾਂ ਪਈਆਂ ਹਨ। ਦਰਅਸਲ ‘ਚ ਖਡੂਰ ਸਾਹਿਬ ਸੀਟ ‘ਤੇ ਪਹਿਲਾਂ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਅਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਵਿਚਕਾਰ ਸੀ ਪਰ ਇਸੇ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਪ੍ਰਵੇਸ਼ ਕਰ ਲਿਆ ਅਤੇ ਸਾਰੇ ਸਮੀਕਰਨ ਹੀ ਬਦਲ ਗਏ। ਇਨ੍ਹਾਂ ਤਿੰਨਾਂ ਤੋਂ ਇਲਾਵਾ ਭਾਜਪਾ ਵੱਲੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਅਤੇ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਚੋਣ ਮੈਦਾਨ ਵਿੱਚ ਹਨ। 2 ਜੂਨ ਨੂੰ ਇੱਥੇ 62.55% ਵੋਟਿੰਗ ਹੋਈ ਸੀ। ਖਡੂਰ ਸਾਹਿਬ ਸੀਟ ‘ਤੇ ਕੁੱਲ ਵੋਟਰਾਂ ਦੀ ਗਿਣਤੀ 16,67,797 ਸੀ। ਸ਼ਨੀਵਾਰ ਨੂੰ 10,43,248 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ 5,40,201 ਪੁਰਸ਼, 5,03,033 ਔਰਤਾਂ ਅਤੇ 14 ਟਰਾਂਸਜੈਂਡਰਾਂ ਨੇ ਵੀ ਵੋਟ ਪਾਈ ਸੀ। ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ‘ਤੇ ਰਾਸ਼ਟਰੀ ਸੁਰੱਖਿਆ ਐਕਟ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ 12 ਵੱਖ-ਵੱਖ ਕੇਸ ਦਰਜ ਹਨ। NSA ਕਾਰਨ ਉਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹਨ। ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਵੀ ਉਸ ਨੂੰ ਜ਼ਮਾਨਤ ਨਹੀਂ ਮਿਲੀ। ਜਿਸ ਕਾਰਨ ਉਨ੍ਹਾਂ ਨੇ ਜੇਲ੍ਹ ਤੋਂ ਹੀ ਪ੍ਰਚਾਰ ਕੀਤਾ ਅਤੇ ਮਾਤਾ-ਪਿਤਾ ਉਸ ਦੀ ਥਾਂ ਲੋਕਾਂ ਵਿਚ ਗਏ।

Leave a Reply

Your email address will not be published. Required fields are marked *