ਰੇਲ ਹਾਦਸੇ ਵਿਚ ਗਈ ਨੌਜਵਾਨ ਦੀ ਜਾਨ, DSP ਸੁਖਜੀਤ ਸਿੰਘ ਦਾ ਬੇਟਾ ਸੀ ਮ੍ਰਿਤਕ

ਜਲੰਧਰ ਵਿਚ ਬਸ਼ੀਰਪੁਰ ਰੇਲਵੇ ਕਰਾਸਿੰਗ ਨੇੜੇ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਦਿਹਾਤੀ ਪੁਲਿਸ ਵਿਚ ਤਾਇਨਾਤ ਡੀਐਸਪੀ ਸੁਖਜੀਤ ਸਿੰਘ ਦੇ 28 ਸਾਲਾ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 28 ਸਾਲਾ ਅਜੈਪਾਲ ਸਿੰਘ ਉਰਫ ਲਾਲੀ ਵਜੋਂ ਹੋਈ ਹੈ। ਲਾਲੀ ਦਾ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਸੀ। ਪੁਲਿਸ ਨੂੰ ਲਾਲੀ ਦੀ ਜੇਬ ‘ਚੋਂ ਪਰਚੀ ਮਿਲੀ ਸੀ, ਜਿਸ ’ਤੇ ਡੀਐਸਪੀ ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਜਦੋਂ ਤੁਰੰਤ ਡੀਐਸਪੀ ਸੁਖਜੀਤ ਨੂੰ ਉਨ੍ਹਾਂ ਦੇ ਨੰਬਰ ’ਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਲਾਸ਼ ਡੀਐਸਪੀ ਦੇ ਲੜਕੇ ਦੀ ਹੈ। ਲਾਲੀ ਦੀ ਜੇਬ ‘ਚੋਂ ਪਰਚੀ ਮਿਲਣ ਕਾਰਨ ਮਾਮਲੇ ਦੀ ਖੁਦਕੁਸ਼ੀ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਹੀਰਾ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸ਼ੱਕੀ ਵਾਹਨ ਨਹੀਂ ਮਿਲਿਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਪੈਦਲ ਹੀ ਮੌਕੇ ‘ਤੇ ਪਹੁੰਚਿਆ ਸੀ। ਲਾਲੀ ਦਾ ਅੱਜ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਸਪੱਸ਼ਟ ਹੋ ਜਾਵੇਗਾ ਕਿ ਅਸਲ ਮਾਮਲਾ ਕੀ ਹੈ। ਇਸ ਦੌਰਾਨ ਲਾਲੀ ਦੀ ਮੌਤ ਨਾਲ ਡੀਐਸਪੀ ਸੁਖਜੀਤ ਸਿੰਘ ਅਤੇ ਉਸ ਦਾ ਪਰਿਵਾਰ ਸਦਮੇ ਵਿਚ ਹੈ। ਦੂਜੇ ਪੁੱਤਰ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਲਾਲੀ ਦਾ ਸਸਕਾਰ ਜਲਦੀ ਹੀ ਕਰ ਦਿਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਦੇਰ ਸ਼ਾਮ ਵਾਪਰਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹੀਰਾ ਸਿੰਘ ਨੇ ਦਸਿਆ ਕਿ ਸੂਚਨਾ ਮਿਲਣ ਦੇ ਬਾਅਦ ਉਹ ਜਾਂਚ ਲਈ ਮੌਕੇ ‘ਤੇ ਪਹੁੰਚੇ। ਦਾਦਰ ਐਕਸਪ੍ਰੈਸ ਦੀ ਲਪੇਟ ‘ਚ ਆਉਣ ਨਾਲ ਲਾਲੀ ਦੀ ਮੌਤ ਹੋ ਗਈ। ਜੀਆਰਪੀ ਥਾਣੇ ਦੀ ਪੁਲਿਸ ਨੇ ਡੀਐਸਪੀ ਦੇ ਪਿਤਾ ਦੇ ਬਿਆਨ ਦਰਜ ਕਰ ਲਏ ਹਨ। ਇਸ ਦੇ ਨਾਲ ਹੀ ਟਰੇਨ ਦੇ ਡਰਾਈਵਰ ਨੇ ਪੁਲਿਸ ਨੂੰ ਦਸਿਆ ਹੈ ਕਿ ਘਟਨਾ ਦੇ ਸਮੇਂ ਲਾਲੀ ਰੇਲਵੇ ਟਰੈਕ ਪਾਰ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਾਂਚ ਲਈ ਪਹੁੰਚੀ ਟੀਮ ਨੇ ਜਦੋਂ ਲਾਸ਼ ਦੀ ਤਲਾਸ਼ੀ ਲਈ ਤਾਂ ਉਸ ‘ਤੇ ਇਕ ਫੋਨ ਨੰਬਰ ਅਤੇ ਨਾਂ ਲਿਖਿਆ ਹੋਇਆ ਸੀ। ਪੁਲਿਸ ਨੇ ਦਸਿਆ ਕਿ ਜਦੋਂ ਅਸੀਂ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਇਹ ਮੋਬਾਈਲ ਨੰਬਰ ਡੀਐਸਪੀ ਸੁਖਜੀਤ ਸਿੰਘ ਦਾ ਹੈ।

Leave a Reply

Your email address will not be published. Required fields are marked *