ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਲੋਕ ਸਭਾ ਚੋਣਾਂ 2024 ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਦੇਸ਼ ਵਿੱਚ ਹੁਣ ਸਰਕਾਰ ਗਠਜੋੜ ਵਾਲੀ ਬਣੇਗੀ। ਦੱਸ ਦੇਈਏ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਇੰਡੀਆ ਗਠਜੋੜ ਨੂੰ 234 ਸੀਟਾਂ ਮਿਲੀਆਂ ਹਨ ਤੇ NDA ਦੇ ਹਿੱਸੇ 292 ਸੀਟਾਂ ਆਈਆਂ ਹਨ। ਪਰ ਦੇਸ਼ ਵਿਚ ਸਰਕਾਰ ਕਿਸ ਦੀ ਬਣੇਗੀ। ਇਨ੍ਹਾਂ ਸਭ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। NDA ਅੱਜ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦਾ ਹੈ। ਇਸ ਲਈ NDA ਦੇ ਸਾਰੇ ਨੇਤਾ ਸ਼ਾਮ 7.45 ਵਜੇ ਰਾਸ਼ਟਰਪਤੀ ਭਵਨ ਪਹੁੰਚਣਗੇ। ਇਹ ਫੈਸਲਾ ਪਹਿਲੀ ਬੈਠਕ ਵਿਚ ਲਿਆ ਗਿਆ। ਇਸ ਦਰਮਿਆਨ PM ਮੋਦੀ ਦੇ ਅਸਤੀਫੇ ਤੇ ਕੈਬਨਿਟ ਨੂੰ ਭੰਗ ਕਰਨ ਦੀ ਸਿਫਾਰਸ਼ ਦੇ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲੋਕ ਸਭਾ ਨੂੰ ਭੰਗ ਕਰ ਦਿੱਤਾ। NDA ਦੀ ਮੀਟਿੰਗ ਪੀਐੱਮ ਰਿਹਾਇਸ਼ ‘ਤੇ ਇਕ ਘੰਟੇ ਚੱਲੀ। 10 ਤੋਂ ਵੱਧ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ। ਇਸ ਵਿਚ ਜੇਡੀਯੂ ਨੇਤਾ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ, ਆਜਸੂ ਮੁਖੀ ਸੁਦੇਸ਼ ਮਹਿਤਾ, ਜਨ ਸੈਨਾ ਮੁਖੀ ਪਵਨ ਕਲਿਆਣ ਆਦਿ ਨੇਤਾ ਸ਼ਾਮਲ ਹਨ। 7 ਜੂਨ ਨੂੰ ਸਵੇਰੇ 11 ਵਜੇ NDA ਸੰਸਦੀ ਦਲ ਦੀ ਬੈਠਕ ਹੋਵੇਗੀ। ਇਸ ਵਿਚ ਨਰਿੰਦਰ ਮੋਦੀ ਨੂੰ ਰਸਮੀ ਤੌਰ ‘ਤੇ ਨੇਤਾ ਚੁਣਿਆ ਜਾਵੇਗਾ। ਇਸ ਦੇ ਬਾਅਦ 8 ਜੂਨ ਨੂੰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ। ਇਹ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹਨ ਜਦੋਂ ਕਿ NDA ਨੇ 292 ਸੀਟਾਂ ਦੇ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ। ਚੰਦਰਬਾਬੂ ਦੀ TDP 16 ਸੀਟਾਂ ਨਾਲ ਦੂਜੀ ਤੇ ਨਿਤਿਸ਼ ਦੀ JDU 12 ਸੀਟਾਂ ਨਾਲ NDA ਵਿਚ ਤੀਜੀ ਵੱਡੀ ਪਾਰਟੀ ਬਣ ਗਈ ਹੈ। ਦੋਵੇਂ ਹੀ ਪਾਰਟੀਆਂ ਇਸ ਸਮੇਂ ਭਾਜਪਾ ਲਈ ਜ਼ਰੂਰੀ ਹਨ। ਇਨ੍ਹਾਂ ਦੇ ਬਿਨਾਂ ਭਾਜਪਾ ਦਾ ਸਰਕਾਰ ਬਣਾਉਣਾ ਮੁਸ਼ਕਲ ਹੈ।