ਲੁਧਿਆਣਾ ਤੋਂ ਅਤਿ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਕਾਸਾਬਾਦ ਪਿੰਡ ਨੇੜੇ ਗਰਮੀ ਤੋਂ ਰਾਹਤ ਪਾਉਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਹ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ। 6 ਦੋਸਤ ਇਥੇ ਦਰਿਆ ਕੰਢੇ ਨਹਾਉਣ ਆਏ ਸਨ ਕਿ ਪਾਣੀ ਦੇ ਵਹਾਅ ਕਾਰਨ 4 ਨੌਜਵਾਨ ਡੁੱਬ ਗਏ ਸਨ। ਇਸਦੇ ਨਾਲ ਹੀ ਇੱਕ ਹੋਰ ਨੌਜਵਾਨ ਦੇ ਗਰੁੱਪ ਵਿਚੋਂ ਇੱਕ ਨੌਜਵਾਨ ਦੇ ਡੁੱਬਣ ਬਾਰੇ ਖਬਰ ਸੀ। ਹੁਣ ਅਪਡੇਟ ਆ ਰਹੀ ਹੈ ਕਿ ਗੋਤਾਖੋਰਾਂ ਦੀਆਂ ਟੀਮਾਂ ਨੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਦਕਿ ਬਾਕੀਆਂ ਦੀ ਭਾਲ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਇਥੇ ਨੌਜਵਾਨਾਂ ਦੇ ਕੁੱਝ ਗਰੁੱਪ ਨਹਾਉਣ ਲਈ ਆਏ ਹੋਏ ਸਨ। ਇਨ੍ਹਾਂ ਵਿੱਚ 6 ਨੌਜਵਾਨਾਂ ਦਾ ਗਰੁੱਪ ਵੀ ਸੀ। ਇਨ੍ਹਾਂ ਵਿਚੋਂ ਚਾਰ ਦੋਸਤ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ। ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਪਾਇਆ ਕਿਹੜੇ ਕਾਰਨਾਂ ਕਰਕੇ ਇਹ ਡੁੱਬੇ ਹਨ। ਜਾਣਕਾਰੀ ਅਨੁਸਾਰ ਨੌਜਵਾਨਾਂ ਦੀ ਸ਼ਨਾਖਤ ਸਮੀਰ ਖਾਨ, ਮਿਸਾਊਲ, ਜ਼ਹੀਰ ਅਤੇ ਸ਼ਾਹਬਾਜ ਅੰਸਾਰੀ ਵੱਜੋਂ ਹੋਈ ਹੈ। ਬੱਚਿਆਂ ਦੇ ਡੁੱਬਣ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਚਾਰੇ ਨੌਜਵਾਨ 18 ਤੋਂ 20 ਸਾਲ ਦੀ ਉਮਰ ਦੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਐਤਵਾਰ ਨੂੰ ਦੁਪਹਿਰ 4 ਵਜੇ ਦੇ ਲਗਭਗ ਛੁੱਟੀ ਮਨਾਉਣ ਲਈ ਨਹਾਉਣ ਵਾਸਤੇ ਇਥੇ ਆਏ ਸਨ। ਉਹ ਇਥੇ ਆਪਣੇ ਮੋਟਰਸਾਈਕਲ ਖੜੇ ਕਰਕੇ ਨਹਾਉਣ ਲਈ ਦਰਿਆ ਵਿੱਚ ਚਲੇ ਗਏ। ਜਦੋਂ ਇਹ ਡੂੰਘੇ ਪਾਣੀ ਵਿੱਚ ਉਤਰੇ ਤਾਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਆਸ ਪਾਸ ਬੈਠੇ ਲੋਕਾਂ ਨੇ ਨੌਜਵਾਨਾਂ ਦਾ ਰੋਲਾ ਸੁਣ ਕੇ 2 ਨੌਜਵਾਨਾਂ ਨੂੰ ਤਾਂ ਬਾਹਰ ਕੱਢ ਲਿਆ, ਪਰ 4 ਨੌਜਵਾਨ ਤੇਜ਼ ਵਹਾਅ ਵਿੱਚ ਵਹਿ ਗਏ।