ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਵੱਲੋਂ ਮੁੜ ਦੁਹਰਾਇਆ ਗਿਆ ਹੈ ਕਿ ਡੇਰਾ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸਤਦਾਨ ਨਾਲ ਸਬੰਧ ਨਹੀਂ ਰੱਖਦਾ। ਡੇਰੇ ਦੇ ਪ੍ਰਬੰਧਕ ਧਰਮਪਾਲ ਸਿਮਕ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਜੋ ਕਿ ਵਿਸ਼ਵ ਪ੍ਰਸਿੱਧ ਹੈ, ਇਕ ਨਿਰੋਲ ਧਾਰਮਿਕ ਆਸਥਾ ਦਾ ਵਿਸ਼ਾਲ ਕੇਂਦਰ ਹੈ। ਡੇਰੇ ਵੱਲੋਂ ਸਿਰਫ਼ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਦੀ ਮਹਾਰਾਜ ਤੇ ਪ੍ਰੇਮ-ਪਿਆਰ ਦਾ ਪੈਗਾਮ ਦਿੱਤਾ ਜਾਂਦਾ ਹੈ। ਇੱਥੇ ਹਰ ਵਰਗ ਦੇ ਲੋਕ ਨਤਮਸਤਕ ਹੁੰਦੇ ਹਨ। ਇਸ ਲਈ ਡੇਰੇ ਦੇ ਸੰਚਾਲਕ ਸੰਤ ਨਿਰੰਜਣ ਦਾਸ ਮਹਾਰਾਜ ਵੱਲੋਂ ਸਮੂਹ ਸੰਗਤ ਨੂੰ ਅਪੀਲ ਹੈ ਕਿ ਡੇਰਾ ਸੱਚਖੰਡ ਬੱਲਾਂ ਦਾ 100 ਸਾਲ ਪੁਰਾਣਾ ਇਤਿਹਾਸਤ ਸਿਰਫ ਲੋਕ ਭਲਾਈ ਦੇ ਕੰਮਾਂ ਨੂੰ ਸਮਰਿਪਤ ਹੈ। ਡੇਰੇ ਵਿਖੇ ਵੱਖ-ਵੱਖ ਪਾਰਟੀਆ ਦੇ ਆਗੂ ਨਤਮਸਤਕ ਹੁੰਦੇ ਹਨ ਪਰ ਡੇਰਾ ਕਿਸੇ ਵੀ ਸਿਆਸੀ ਪਾਰਟੀ ਜਾਂ ਸਿਆਸਤਦਾਨ ਨਾਲ ਸਬੰਧ ਨਹੀਂ ਰੱਖਦਾ। ਡੇਰੇ ਦੇ ਪ੍ਰਬੰਧਕ ਨੇ ਅੱਗੇ ਕਿਹਾ ਕਿ ਕੁਝ ਸਿਆਸੀ ਪਾਰਟੀਆ ਅਖਬਾਰਾਂ ’ਚ ਗ਼ਲਤ ਬਿਆਨਬਾਜ਼ੀ ਕਰ ਕੇ ਡੇਰੇ ਦੇ ਅਕਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਜੋ ਕਿ ਸਰਾਸਰ ਗ਼ਲਤ ਹੈ। ਇਹ ਗੱਲ ਪਹਿਲਾਂ ਵੀ ਸਪੱਸ਼ਟ ਕਰ ਦਿੱਤੀ ਗਈ ਸੀ ਤੇ ਹੁਣ ਫਿਰ ਸਪੱਸ਼ਟ ਕੀਤਾ ਜਾਂਦਾ ਹੈ ਕਿ ਡੇਰਾ ਬੱਲਾਂ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦਾ ਹੈ। ਡੇਰੇ ਦੇ ਮੈਨੇਜਰ ਧਰਮਪਾਲ ਸਿਮਕ ਮੁਤਾਬਕ ਡੇਰਾ ਸੱਚਖੰਡ ਬੱਲਾਂ ਦਾ ਆਪਣਾ ਯੂ-ਟਿਊਬ ਚੈਨਲ ‘ਬੱਲਾਂ ਟੀਵੀ’ ਹੈ, ਇਸ ਰਾਹੀਂ ਜੋ ਵੀ ਆਦੇਸ਼ ਸੰਗਤ ਤਕ ਪਹੁੰਚਾਇਆ ਜਾਵੇ, ਉਹ ਹੀ ਸੱਚ ਤੇ ਅਸਲ ਹੈ। ਇਸ ਦੇ ਨਾਲ ਹੀ ਡੇਰਾ ਮੈਨੇਜਰ ਨੇ ਕਿਹਾ ਕਿ ਡੇਰੇ ਦੇ ਨਾਂ ’ਤੇ ਵੱਖ-ਵੱਖ ਲੋਕਾਂ ਵੱਲੋਂ ਜੋ ਆਈਡੀ ਬਣਾਈ ਗਈ ਹੈ ਜਾਂ ਸੋਸ਼ਲ ਮੀਡੀਆ ’ਤੇ ਡੇਰੇ ਦਾ ਨਾਂ ਵਰਤਦੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ’ਤੇ ਪੋਸਟ ਵਾਇਰਲ ਕਰ ਦਿੱਤੀ ਗਈ ਸੀ, ਜਿਸ ’ਚ ਇਕ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਡੇਰਾ ਬੱਲਾਂ ਵੱਲੋਂ ਹਮਾਇਤ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪੋਸਟ ਦਾ ਨੋਟਿਸ ਲੈਂਦਿਆ ਡੇਰੇ ਨੇ ਸੰਗਤ ਨੂੰ ਅਪੀਲ ਜਾਰੀ ਕਰਕੇ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਨਾ ਕੀਤੇ ਜਾਣ ਬਾਰੇ ਸਪੱਸ਼ਟ ਕੀਤਾ ਸੀ। ਚੋਣ ਨਤੀਜਿਆ ਤੋਂ ਬਾਅਦ ਫਿਰ ਸਿਆਸੀ ਪਾਰਟੀਆ ਵੱਲੋਂ ਬਿਆਨ ਕੀਤੀ ਗਈ ਸੀ ਕਿ ਡੇਰੇ ਵੱਲੋਂ ਇਕ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕੀਤੀ ਜਾਣ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।