ਤਰਨਤਾਰਨ ‘ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਚੋਰਾਂ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ’ਚੋਂ ਤਿੰਨ ਏ.ਸੀ., ਪੱਖੇ, ਕੁਰਸੀ ਅਤੇ ਇੱਥੋਂ ਤੱਕ ਕਿ ਤਾਰਾਂ ਵੀ ਚੋਰੀ ਕਰ ਲਈਆਂ ਹਨ। ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹ ਵੀ ਹੈਰਾਨ ਰਹਿ ਗਏ। ਫ਼ਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ‘ਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਚੋਰ ਕਦੋਂ ਦਫ਼ਤਰ ‘ਚ ਆ ਗਏ, ਇਸ ਦਾ ਕੋਈ ਪਤਾ ਨਹੀਂ ਪਰ ਦਫ਼ਤਰ ਦਾ ਸਾਰਾ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ। ਦੱਸ ਦਈਏ ਕਿ ਵਿਧਾਇਕ ਸੋਹਲ ਦਾ ਦਫ਼ਤਰ ਇੱਥੇ ਸਿੰਜਾਈ ਭਵਨ ਵਿਚ ਹੈ, ਜੋ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਦੋ ਮਹੀਨਿਆਂ ਤੋਂ ਬੰਦ ਰਿਹਾ। ਇਸ ਦੌਰਾਨ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਭਾਵੇਂ ਦਫ਼ਤਰ ’ਚ ਸੀਸੀਟੀਵੀ ਨਹੀਂ ਲੱਗੇ ਹੋਏ ਹਨ ਪਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।