ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ 5 ਦਿਨਾਂ ਤੋਂ ਬੰਦ ਹੈ। ਅੱਜ 6ਵੇਂ ਦਿਨ ਵੀ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। 1.75 ਲੱਖ ਤੋਂ ਵੱਧ ਵਾਹਨ ਬਿਨਾਂ ਟੋਲ ਟੈਕਸ ਦੇ ਲੰਘੇ ਹਨ। NHAI ਨੂੰ ਕਰੀਬ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਾਹਮਣੇ NHAI ਬੇਵੱਸ ਨਜ਼ਰ ਆ ਰਹੀ ਹੈ। ਕੋਈ ਵੀ ਅਧਿਕਾਰੀ ਕਿਸਾਨਾਂ ਨਾਲ ਗੱਲ ਕਰਨ ਨਹੀਂ ਆ ਰਿਹਾ। ਟੋਲ ਟੈਕਸ ‘ਤੇ ਕੰਮ ਕਰਨ ਵਾਲੇ ਕਰਮਚਾਰੀ ਬਿਨਾਂ ਕਿਸੇ ਕੰਮ ਦੇ ਬਿਲਕੁਲ ਵਿਹਲੇ ਹਨ। ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕ ਧਰਨਾਕਾਰੀ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਜਾ ਰਹੇ ਹਨ । ਕਿਸਾਨ ਆਪਣੀ ਮੰਗ ‘ਤੇ ਅੜੇ ਹੋਏ ਹਨ ਕਿ ਪ੍ਰਤੀ ਵਾਹਨ ਟੋਲ 150 ਰੁਪਏ ਹੋਣਾ ਚਾਹੀਦਾ ਹੈ ਪਰ ਐਨਐਚਏਆਈ ਦੇ ਅਧਿਕਾਰੀ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਕਾਰਨ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ। ਅੱਜ ਵੀ ਆਸ-ਪਾਸ ਦੇ ਕਈ ਪਿੰਡ ਵਾਸੀਆਂ ਨੇ ਕਿਸਾਨਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨ ‘ਚ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ ਸੰਘਰਸ਼ 6ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਲੋਕਾਂ ਤੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਕਿਸਾਨ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੈ। ਜੇਕਰ ਸਰਕਾਰ ਸੋਚਦੀ ਹੈ ਕਿ ਕਿਸਾਨ ਇੱਕ ਹਫ਼ਤੇ ਜਾਂ ਕੁਝ ਦਿਨਾਂ ਵਿੱਚ ਆਪਣਾ ਧਰਨਾ ਖ਼ਤਮ ਕਰ ਦੇਣਗੇ ਤਾਂ ਇਹ ਸਰਕਾਰ ਦੀ ਗਲਤੀ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਦਿਲਬਾਗ ਨੇ ਕਿਹਾ ਕਿ ਗਰਮੀਆਂ ਵਿੱਚ ਆਪਣੇ ਖੇਤ ਵਾਹੁਣ ਵਾਲੇ ਕਿਸਾਨ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨ ਲਈ ਤਿਆਰ ਹਨ। ਹਰ ਰੋਜ਼ ਪੁਲੀਸ ਮੁਲਾਜ਼ਮ ਅਤੇ ਸੁਰੱਖਿਆ ਏਜੰਸੀਆਂ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਿਸਾਨ ਹੁਣ ਕਿਸੇ ਦੀ ਗੱਲ ਮੰਨਣ ਲਈ ਤਿਆਰ ਨਹੀਂ ਹਨ। ਧਰਨੇ ਦਾ ਕਾਫਲਾ ਲਗਾਤਾਰ ਵਧਦਾ ਜਾ ਰਿਹਾ ਹੈ। ਸਾਲ ‘ਚ ਤਿੰਨ ਵਾਰ ਰੇਟ ਵਧਾਉਣਾ ਕੀ ਇਨਸਾਫ ਹੈ? ਸਰਕਾਰ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਨੂੰ ਲੁੱਟਣਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।