ਪਾਲੀਵੁੱਡ ਗਲਿਆਰੇ ਤੋਂ ਇੱਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੰਜਾਬੀ ਸਿਨੇਮਾ ਦੇ ਸਰੋਤਿਆਂ ਨੂੰ ਗਹਿਰੇ ਸਦਮੇ ਵਿੱਚ ਪਹੁੰਚਾ ਦਿੱਤਾ ਹੈ। ਦਰਅਸਲ, ‘ਉੱਚਾ ਪਿੰਡ’ ਅਤੇ ‘ਦੂਰਬੀਨ’ ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਰੋਲ ਲਈ ਜਾਣੇ ਜਾਂਦੇ ਅਦਾਕਾਰ ਰਣਦੀਪ ਭੰਗੂ ਦੀ ਮੌਤ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਕਿਉਂ ਹੋਈ ਹੈ, ਇਸ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਜਦੋਂ ਦੀ ਇਹ ਖਬਰ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵਿੱਚ ਆਈ ਹੈ, ਉਹ ਗਹਿਰੇ ਸਦਮੇ ਵਿੱਚ ਹਨ। ਕਾਮੇਡੀਅਨ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਆਪਣੇ ਫੇਸਬੁੱਕ ਉਤੇ ਅਦਾਕਾਰ ਦੀ ਫੋਟੋ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਲਿਖਿਆ ਹੈ, ‘ਅਲਵਿਦਾ ਰਣਦੀਪ ਸਿੰਘ ਭੰਗੂ, ਵੀਰ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।’ ਜ਼ਿਕਰਯੋਗ ਹੈ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਪੰਜਾਬੀ ਸਿਨੇਮਾ ਵਿੱਚ ਆਪਣੇ ਮੰਝੇ ਹੋਏ ਅੰਦਾਜ਼ ਲਈ ਜਾਣੇ ਜਾਂਦੇ ਸਨ। ਉਹ ‘ਬਾਜਰੇ ਦਾ ਸਿੱਟਾ’, ‘ਦੂਰਬੀਨ’, ‘ਪ੍ਰਾਹੁਣਾ’, ‘ਉਨੀ ਇੱਕੀ’, ‘ਢੋਲ ਰੱਤੀ’, ‘ਮੇਰਾ ਬਾਬਾ ਨਾਨਕ’ ਅਤੇ ‘ਤਖ਼ਤਗੜ੍ਹ’ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ। ਅਦਾਕਾਰ ਰਣਦੀਪ ਸਿੰਘ ਭੰਗੂ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਹਰਦੀਪ ਗਰੇਵਾਲ, ਕੁਲਤਾਰ ਰੰਧਾਵਾ, ਸ਼ਿਵਜੋਤ ਵਰਗੇ ਅਨੇਕਾਂ ਵੱਡੇ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ।